ਨਵੇਂ ਸਾਲ 'ਤੇ ਦਿੱਲੀ 'ਚ ਗੱਡੀ ਲੈਣੀ ਹੋਵੇਗੀ ਮਹਿੰਗੀ, ਪੜ੍ਹੋ ਖਬਰ

Saturday, Dec 22, 2018 - 10:37 PM (IST)

ਨਵੇਂ ਸਾਲ 'ਤੇ ਦਿੱਲੀ 'ਚ ਗੱਡੀ ਲੈਣੀ ਹੋਵੇਗੀ ਮਹਿੰਗੀ, ਪੜ੍ਹੋ ਖਬਰ

ਨਵੀਂ ਦਿੱਲੀ— ਜੇਕਰ ਤੁਸੀਂ ਨਵੇਂ ਸਾਲ 'ਚ ਦਿੱਲੀ 'ਚ ਗੱਡੀ ਲੈਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਕਿਸੇ ਝਟਕੇ ਤੋਂ ਘੱਟ ਨਹੀਂ ਹੋਵੇਗੀ। ਦਰਅਸਲ ਨਵੇਂ ਸਾਲ 'ਚ ਦਿੱਲੀ ਵਿਚ ਗੱਡੀ ਲੈਣਾ ਕਰੀਬ 18 ਗੁਣਾ ਤੱਕ ਮਹਿੰਗਾ ਹੋ ਜਾਵੇਗਾ। ਇਸ ਹੁਕਮ ਨੂੰ ਪ੍ਰਾਈਵੇਟ ਕਮਰਸ਼ੀਅਲ ਅਤੇ ਨਾਨ-ਕਮਰਸ਼ੀਅਲ ਗੱਡੀਆਂ 'ਤੇ 1 ਜਨਵਰੀ 2019 ਤੋਂ ਲਾਗੂ ਕਰਨ ਦੇ ਨਿਰਦੇਸ਼ ਦਿੱਲੀ ਸਰਕਾਰ ਨੇ ਦਿੱਤੇ ਹਨ। ਦਿੱਲੀ ਸਰਕਾਰ ਨੇ ਪਾਰਕਿੰਗ ਚਾਰਜ ਵਧਾਉਣ ਦੇ ਹੁਕਮ ਵੀ ਦਿੱਤੇ ਹਨ ਅਤੇ ਅਜਿਹੀ ਹਾਲਤ ਵਿਚ 6000 ਤੋਂ 75000 ਰੁਪਏ ਤੱਕ ਪਾਰਕਿੰਗ ਚਾਰਜ ਦੇਣੇ ਪੈਣਗੇ। ਇਹ ਹੁਕਮ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਏਜੰਸੀ ਤੋਂ ਗੱਡੀ ਖਰੀਦਣ ਵੇਲੇ ਹੀ ਨਗਰ ਨਿਗਮ ਦਾ ਪਾਰਕਿੰਗ ਚਾਰਜ ਜੁੜ ਜਾਂਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਦਿੱਲੀ ਸਰਕਾਰ ਦੇ ਇਸ ਹੁਕਮ ਤੋਂ ਬਾਅਦ ਸਭ ਤੋਂ ਜ਼ਿਆਦਾ ਮਾਰ ਪ੍ਰਾਈਵੇਟ ਗੱਡੀਆਂ 'ਤੇ ਹੀ ਪਵੇਗੀ। ਦਰਅਸਲ ਨਾਨ-ਕਮਰਸ਼ੀਅਲ ਗੱਡੀਆਂ ਨੂੰ ਦਿੱਲੀ ਵਿਚ ਵਨ ਟਾਈਮ ਪਾਰਕਿੰਗ ਚਾਰਜ ਦੇਣਾ ਹੁੰਦਾ ਹੈ। ਕਾਰ ਖਰੀਦਣ ਵੇਲੇ ਹੀ ਨਗਰ ਨਿਗਮ ਦਾ ਪਾਰਕਿੰਗ ਚਾਰਜ ਰੇਟ ਵਿਚ ਜੁੜਿਆ ਹੁੰਦਾ ਹੈ। ਦਰਅਸਲ ਹੁਣ ਤੱਕ ਨਾਨ-ਕਮਰਸ਼ੀਅਲ ਗੱਡੀਆਂ ਦਾ ਪਾਰਕਿੰਗ ਚਾਰਜ ਸਿਰਫ਼ 4000 ਰੁਪਏ ਤੱਕ ਹੁੰਦਾ ਸੀ ਪਰ ਹੁਣ ਇਸ ਹੁਕਮ ਤੋਂ ਬਾਅਦ ਇਸ ਚਾਰਜ ਨੂੰ ਵਧਾ ਕੇ 75000 ਰੁਪਏ ਤੱਕ ਕਰ ਦਿੱਤਾ ਗਿਆ ਹੈ।
4 ਹੋਰ ਨਵੀਂ ਸ਼੍ਰੇਣੀਆਂ ਬਣਾਈਆਂ ਗਈਆਂ
ਕਿਸੇ ਵੀ ਗੱਡੀ ਨੂੰ ਲੈਣ 'ਤੇ ਹੁਣ ਤੱਕ 2000 ਅਤੇ 4000 ਰੁਪਏ ਦੀਆਂ ਸਿਰਫ 2 ਸ਼੍ਰੇਣੀਆਂ ਹੁੰਦੀਆਂ ਸਨ ਪਰ ਹੁਣ ਕੀਮਤ ਦੇ ਹਿਸਾਬ ਨਾਲ 4 ਹੋਰ ਨਵੀਆਂ ਸ਼੍ਰੇਣੀਆਂ ਬਣਾਈਆਂ ਗਈਆਂ ਹਨ। ਪਹਿਲਾਂ 4 ਲੱਖ ਤੱਕ ਦੀਆਂ ਗੱਡੀਆਂ 'ਤੇ 2000 ਰੁਪਏ ਦਾ ਪਾਰਕਿੰਗ ਚਾਰਜ ਹੁੰਦਾ ਸੀ ਪਰ ਹੁਣ ਇਹ 6000 ਰੁਪਏ ਹੋਵੇਗਾ। 4 ਲੱਖ ਤੋਂ ਜ਼ਿਆਦਾ ਦੀ ਕੀਮਤ ਦੀ ਕਾਰ 'ਤੇ 4000 ਰੁਪਏ ਪਾਰਕਿੰਗ ਚਾਰਜ ਸੀ, ਜਿਸ ਨੂੰ 10000 ਰੁਪਏ ਕੀਤਾ ਗਿਆ ਹੈ ਪਰ ਹੁਣ ਜੋ ਨਵੀਆਂ ਸ਼੍ਰੇਣੀਆਂ ਬਣੀਆਂ ਹਨ, ਉਨ੍ਹਾਂ ਮੁਤਾਬਕ 8 ਲੱਖ ਤੋਂ ਜ਼ਿਆਦਾ ਅਤੇ 12 ਲੱਖ ਰੁਪਏ ਤੱਕ ਦੀਆਂ ਗੱਡੀਆਂ 'ਤੇ 15000, 12 ਲੱਖ ਤੋਂ ਜ਼ਿਆਦਾ ਅਤੇ 20 ਲੱਖ ਤੱਕ ਦੀਆਂ ਗੱਡੀਆਂ 'ਤੇ 30000, 20 ਤੋਂ 40 ਲੱਖ ਰੁਪਏ ਤੱਕ ਦੀਆਂ ਗੱਡੀਆਂ 'ਤੇ 60000 ਅਤੇ 40 ਲੱਖ ਤੋਂ ਜ਼ਿਆਦਾ ਦੀ ਗੱਡੀ 'ਤੇ 75000 ਰੁਪਏ ਪਾਰਕਿੰਗ ਚਾਰਜ ਲੱਗਣਗੇ। ਦੱਸਣਯੋਗ ਹੈ ਕਿ ਕਮਰਸ਼ੀਅਲ ਗੱਡੀਆਂ 'ਤੇ ਪਾਰਕਿੰਗ ਚਾਰਜ ਹਰ ਸਾਲ ਲੱਗਦਾ ਹੈ।
ਕਮਰਸ਼ੀਅਲ ਗੱਡੀਆਂ ਦਾ ਸਾਲਾਨਾ ਪਾਰਕਿੰਗ ਚਾਰਜ

ਬੱਸ ਲਈ ਪਾਰਕਿੰਗ ਚਾਰਜ ਪਹਿਲਾਂ : 4000 ਅਤੇ ਹੁਣ 20000 ਰੁਪਏ
ਆਰ. ਟੀ. ਵੀ. (ਸੀ. ਐੱਨ. ਜੀ.) : ਪਹਿਲਾਂ 2500 ਰੁਪਏ ਅਤੇ ਹੁਣ 10000 ਰੁਪਏ

ਗੁਡਸ ਵ੍ਹੀਕਲ (ਸਡਟ) : ਪਹਿਲਾਂ 2500 ਅਤੇ ਹੁਣ 10000 ਰੁਪਏ
ਗੁਡਸ ਵ੍ਹੀਕਲ (ਐੱਚ. ਐੱਮ. ਵੀ. ਟਰੱਕ ਆਦਿ) : ਪਹਿਲਾਂ 4000 ਅਤੇ ਹੁਣ 25000 ਰੁਪਏ
 


Related News