1 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਨਵਾਂ ਬੈਂਕ, ਬੰਦ ਹੋ ਸਕਦੀਆਂ ਹਨ ਇਹ ਬਰਾਂਚਾਂ!

09/19/2018 2:27:34 PM

ਨਵੀਂ ਦਿੱਲੀ— ਬੈਂਕ ਆਫ ਬੜੌਦਾ, ਵਿਜਯਾ ਬੈਂਕ ਅਤੇ ਦੇਨਾ ਬੈਂਕ ਦੇ ਰਲੇਵੇਂ ਨਾਲ ਬਣਨ ਵਾਲੇ ਨਵਾਂ ਬੈਂਕ ਪਹਿਲੀ ਅਪ੍ਰੈਲ 2019 ਤੋਂ ਸ਼ੁਰੂ ਹੋ ਸਕਦਾ ਹੈ। ਸੂਤਰਾਂ ਮੁਤਾਬਕ ਤਿੰਨੋਂ ਸਰਕਾਰੀ ਬੈਂਕ ਨਿਰਧਾਰਤ ਸਮੇਂ 'ਚ ਇਹ ਕੰਮ ਪੂਰਾ ਕਰਨਗੇ ਅਤੇ ਜ਼ਰੂਰੀ ਰੈਗੂਲੇਟਰੀ ਪ੍ਰਕਿਰਿਆ 2018-19 ਦੇ ਅਖੀਰ ਤਕ ਪੂਰੀ ਹੋ ਜਾਣ ਦੀ ਉਮੀਦ ਹੈ। ਸੂਤਰਾਂ ਨੇ ਕਿਹਾ ਕਿ ਬੈਂਕਾਂ ਦੇ ਨਿਰਦੇਸ਼ਕ ਮੰਡਲਾਂ ਦੀਆਂ ਇਸ ਮਹੀਨੇ ਬੈਠਕਾਂ ਹੋਣਗੀਆਂ, ਜਿਸ 'ਚ ਰਲੇਵੇਂ ਨੂੰ ਲੈ ਕੇ ਯੋਜਨਾ ਬਣਾਈ ਜਾਵੇਗੀ। ਇਸ ਯੋਜਨਾ 'ਚ ਸ਼ੇਅਰਾਂ ਦੀ ਅਦਲਾ-ਬਦਲੀ ਅਤੇ ਪ੍ਰਮੋਟਰਾਂ ਵੱਲੋਂ ਪੂੰਜੀ ਦੀ ਜ਼ਰੂਰਤ ਸਮੇਤ ਵੱਖ-ਵੱਖ ਵੇਰਵੇ ਤੈਅ ਕੀਤੇ ਜਾਣਗੇ। 

ਪਿਛਲੇ ਸਾਲ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ 'ਚ ਉਸ ਦੇ ਪੰਜ ਸਹਿਯੋਗੀ ਬੈਂਕਾਂ ਅਤੇ ਭਾਰਤੀ ਮਹਿਲਾ ਬੈਂਕ ਨੂੰ ਮਿਲਾ ਦਿੱਤਾ ਸੀ। ਸੂਤਰਾਂ ਮੁਤਾਬਕ ਕਈ ਜਗ੍ਹਾ ਬੈਂਕ ਆਫ ਬੜੌਦਾ ਅਤੇ ਦੇਨਾ ਬੈਂਕ ਦੀਆਂ ਬਰਾਂਚਾਂ ਨਾਲ-ਨਾਲ ਹਨ ਅਤੇ ਇਸ ਦੇ ਮੱਦੇਨਜ਼ਰ ਘੱਟੋ-ਘੱਟ 1000 ਥਾਵਾਂ 'ਤੇ ਬਰਾਂਚਾਂ ਦਾ ਏਕੀਕਰਨ ਹੋ ਸਕਦਾ ਹੈ, ਜਿਸ ਨਾਲ 10-12 ਅਰਬ ਰੁਪਏ ਦੀ ਬਚਤ ਹੋਵੇਗੀ। ਹਾਲਾਂਕਿ ਬਰਾਂਚਾਂ ਦੀ ਗਿਣਤੀ ਘੱਟ ਹੋਣ ਨਾਲ ਕਿਸੇ ਵੀ ਕਰਮਚਾਰੀ ਦੀ ਨੌਕਰੀ ਨਹੀਂ ਜਾਵੇਗੀ। ਕੁਝ ਕਰਮਚਾਰੀਆਂ ਦਾ ਹੋਰ ਬਰਾਂਚਾਂ 'ਚ ਟਰਾਂਸਫਰ ਕੀਤਾ ਜਾ ਸਕਦਾ ਹੈ ਜਾਂ ਨਵੇਂ ਇਲਾਕੇ 'ਚ ਬਰਾਂਚਾਂ ਖੋਲ੍ਹ ਕੇ ਉਨ੍ਹਾਂ ਨੂੰ ਕੰਮ 'ਤੇ ਲਗਾਇਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਬੈਂਕ ਆਫ ਬੜੌਦਾ, ਵਿਜਯਾ ਬੈਂਕ ਅਤੇ ਦੇਨਾ ਬੈਂਕ ਨੂੰ ਮਿਲਾ ਕੇ ਇਕ ਨਵਾਂ ਬੈਂਕ ਬਣਾਉਣ ਦਾ ਐਲਾਨ ਸਰਕਾਰ ਨੇ ਬੀਤੇ ਸੋਮਵਾਰ ਕੀਤਾ ਸੀ। ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਇਸ ਨਾਲ ਬੈਂਕ ਹੋਰ ਮਜਬੂਤ ਹੋਣਗੇ ਅਤੇ ਉਨ੍ਹਾਂ ਦੀ ਕਰਜ਼ ਦੇਣ ਦੀ ਸਮਰੱਥਾ ਵਧੇਗੀ। ਉਨ੍ਹਾਂ ਨੇ ਕਿਹਾ ਕਿ ਐੱਸ. ਬੀ. ਆਈ. ਦੀ ਤਰ੍ਹਾਂ ਰਲੇਵੇਂ ਨਾਲ ਤਿੰਨਾਂ ਬੈਂਕਾਂ ਦੇ ਕਰਮਚਾਰੀਆਂ ਦੀਆਂ ਮੌਜੂਦਾ ਸੇਵਾਵਾਂ ਸ਼ਰਤਾਂ 'ਤੇ ਕੋਈ ਉਲਟ ਪ੍ਰਭਾਵ ਨਹੀਂ ਪਵੇਗਾ। ਨਵਾਂ ਬੈਂਕ ਦੇਸ਼ ਦਾ ਤੀਜਾ ਸਭ ਤੋਂ ਵੱਡਾ ਬੈਂਕ ਹੋਵੇਗਾ। ਹਾਲਾਂਕਿ ਸਰਕਾਰ ਨੇ ਸਪੱਸ਼ਟ ਨਹੀਂ ਕੀਤਾ ਕਿ ਨਵੇਂ ਬੈਂਕ ਦਾ ਨਾਮ ਕੀ ਹੋਵੇਗਾ।


Related News