ਭਾਰਤੀ ਮੋਬਾਇਲ ਯੂਜ਼ਰਜ਼ ਲਈ Netflix ਜਲਦੀ ਹੀ ਲਾਂਚ ਕਰੇਗੀ ਸਸਤਾ ਪਲਾਨ
Thursday, Jul 18, 2019 - 01:39 PM (IST)

ਗੈਜੇਟ ਡੈਸਕ– ਆਨਲਾਈਨ ਵੀਡੀਓ ਸਟਰੀਮਿੰਗ ਕੰਪਨੀ ਨੈੱਟਫਲਿਕਸ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਉਹ ਜਲਦੀ ਹੀ ਭਾਰਤੀ ਯੂਜ਼ਰਜ਼ ਲਈ ਸਸਤਾ ਪਲਾਨ ਪੇਸ਼ ਕਰੇਗੀ, ਹਲਾਂਕਿ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਸਸਤਾ ਪਲਾਨ ਸਿਰਫ ਮੋਬਾਇਲ ਯੂਜ਼ਰਜ਼ ਲਈ ਹੀ ਹੋਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ’ਚ ਕੰਪਨੀ ਨੇ 250 ਰੁਪਏ ਦਾ ਪਲਾਨ ਟੈਸਟ ਕੀਤਾ ਸੀ ਜੋ ਕਿ ਮੋਬਾਇਲ ਯੂਜ਼ਰਜ਼ ਲਈ ਸੀ। ਜੇਕਰ ਸੱਚ ’ਚ ਕੰਪਨੀ ਇਸੇ ਕੀਮਤ ’ਤੇ ਪਲਾਨ ਪੇਸ਼ ਕਰਦੀ ਹੈ ਤਾਂ ਭਾਰਤ ’ਚ ਨੈੱਟਫਲਿਕਸ ਦਾ ਪਲਾਨ ਪੂਰੀ ਦੁਨੀਆ ’ਚ ਸਭ ਤੋਂ ਸਸਤਾ ਹੋਵੇਗਾ। ਨੈੱਟਫਲਿਕਸ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਪਿਛਲੇ ਕਈ ਮਹੀਨਿਆਂ ਦੀ ਟੈਸਟਿੰਗ ਤੋਂ ਬਾਅਦ ਅਸੀਂ ਮੋਬਾਇਲ ਯੂਜ਼ਰਜ਼ ਲਈ ਘੱਟ ਕੀਮਤ ਵਾਲੇ ਪਲਾਨ ਪੇਸ਼ ਕਰਨ ਦਾ ਫੈਸਲਾ ਲਿਆ ਹੈ। ਇਸ ਪਲਾਨ ਨੂੰ ਤੀਜੀ ਤਿਮਾਹੀ ’ਚ ਪੇਸ਼ ਕੀਤਾ ਜਾਵੇਗਾ ਜਿਸ ਦਾ ਫਾਇਦਾ ਭਾਰਤ ਦੇ ਲੱਖਾਂ ਯੂਜ਼ਰਜ਼ ਨੂੰ ਹੋਵੇਗਾ।
ਦੱਸ ਦੇਈਏ ਕਿ ਹੋਟਸਟਾਰ ਦਾ ਮਾਸਿਕ ਪਲਾਨ ਫਿਲਹਾਲ 299 ਰੁਪਏ ਦਾ ਹੈ, ਉਥੇ ਹੀ ਅਮੇਜ਼ਨ ਵੀ ਆਪਣੇ ਪ੍ਰਾਈਮ ਮੈਂਬਰਸ਼ਿਪ ਦੇ ਨਾਲ ਪ੍ਰਾਈਮ ਵੀਡੀਓ ਦਾ ਸਬਸਕ੍ਰਿਪਸ਼ਨ ਦੇ ਰਹੀ ਹੈ। ਅਜਿਹੇ ’ਚ ਜੇਕਰ ਨੈੱਟਫਲਿਕਸ 250 ਰੁਪਏ ਦਾ ਪਲਾਨ ਪੇਸ਼ ਕਰਦੀ ਹੈ ਤਾਂ ਬਾਜ਼ਾਰ ’ਚ ਬਹੁਤ ਵੱਡਾ ਮੁਕਾਬਲਾ ਹੋਣ ਵਾਲਾ ਹੈ।