RBI ਦਾ ਬੈਂਕ ਗਾਹਕਾਂ ਨੂੰ ਵੱਡਾ ਤੋਹਫਾ, ਹੁਣ 24 ਘੰਟੇ ਮਿਲੇਗੀ NEFT ਸੁਵਿਧਾ

12/07/2019 3:27:06 PM

ਮੁੰਬਈ— ਬੈਂਕ ਗਾਹਕਾਂ ਲਈ ਗੁੱਡ ਨਿਊਜ਼ ਹੈ। ਰਿਜ਼ਰਵ ਬੈਂਕ ਨੇ ਡਿਜੀਟਲ ਟ੍ਰਾਂਜੈਕਸ਼ਨ ਨੂੰ ਉਤਸ਼ਾਹਤ ਕਰਨ ਲਈ 'ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ (ਐੱਨ. ਈ. ਐੱਫ. ਟੀ.)' ਸੁਵਿਧਾ ਨੂੰ 16 ਦਸੰਬਰ ਤੋਂ 24 ਘੰਟੇ ਖੋਲ੍ਹਣ ਦਾ ਐਲਾਨ ਕੀਤਾ ਹੈ।

ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਹੁਣ ਐੱਨ. ਈ. ਐੱਫ. ਟੀ. ਤਹਿਤ ਟ੍ਰਾਂਜੈਕਸ਼ਨ ਦੀ ਸੁਵਿਧਾ ਛੁੱਟੀ ਵਾਲੇ ਦਿਨ ਸਮੇਤ ਹਫਤੇ ਦੇ ਸੱਤੋਂ ਦਿਨ ਉਪਲੱਬਧ ਹੋਵੇਗੀ, ਯਾਨੀ ਹੁਣ ਇਕ ਬੈਂਕ ਦੇ ਖਾਤੇ 'ਚੋਂ ਦੂਜੇ ਖਾਤੇ 'ਚ ਪੈਸੇ ਟਰਾਂਸਫਰ ਜਿਸ ਸਮੇਂ ਚਾਹੋ ਕਰ ਸਕੋਗੋ। ਮੌਜੂਦਾ ਸਮੇਂ ਇਹ ਸਰਵਿਸ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤਕ ਉਪਲੱਬਧ ਹੁੰਦੀ ਹੈ ਤੇ ਛੁੱਟੀ ਵਾਲੇ ਇਹ ਬੰਦ ਰਹਿੰਦੀ ਹੈ, ਜਦੋਂ ਕਿ ਪਹਿਲੇ ਤੇ ਤੀਜੇ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤਕ ਮਿਲਦੀ ਹੈ।

ਰਿਜ਼ਰਵ ਬੈਂਕ ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਐੱਨ. ਈ. ਐੱਫ. ਟੀ. ਟ੍ਰਾਂਜੈਕਸ਼ਨ ਨੂੰ 24 ਘੰਟੇ, ਸੱਤੋਂ ਦਿਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕੇਂਦਰੀ ਬੈਂਕ ਨੇ ਸਾਰੇ ਮੈਂਬਰ ਬੈਂਕਾਂ ਨੂੰ ਰੈਗੂਲੇਟਰ ਕੋਲ ਚਾਲੂ ਖਾਤੇ 'ਚ ਹਰ ਸਮੇਂ ਲੋੜੀਂਦੀ ਰਾਸ਼ੀ ਰੱਖਣ ਨੂੰ ਕਿਹਾ ਹੈ ਤਾਂ ਕਿ ਐੱਨ. ਈ. ਐੱਫ. ਟੀ. ਟ੍ਰਾਂਜੈਕਸ਼ਨ 'ਚ ਕੋਈ ਸਮੱਸਿਆ ਨਾ ਹੋਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਐੱਨ. ਈ. ਐੱਫ. ਟੀ. ਤੇ ਆਰ. ਟੀ. ਜੀ. ਐੱਸ. ਟ੍ਰਾਂਜੈਕਸ਼ਨ 'ਤੇ ਚਾਰਜ ਸਮਾਪਤ ਕਰ ਚੁੱਕਾ ਹੈ ਅਤੇ ਵਪਾਰਕ ਬੈਂਕਾਂ ਨੇ ਵੀ ਬਦਲੇ 'ਚ ਗਾਹਕਾਂ ਲਈ ਇਹ ਸੁਵਿਧਾ ਮੁਫਤ ਕਰ ਦਿੱਤੀ ਹੈ।


Related News