‘ਭਾਰਤ ਨੂੰ ਦੂਰਸੰਚਾਰ ਖੇਤਰ ’ਚ ਤਿੰਨ ਨਿੱਜੀ ਕੰਪਨੀਆਂ ਦੀ ਲੋੜ, ਸਰਕਾਰ ਤੋਂ ਸਮਰਥਨ ਦੀ ਉਮੀਦ : ਗੋਪਾਲ ਵਿੱਠਲ’
Thursday, Aug 05, 2021 - 11:33 AM (IST)
ਨਵੀਂ ਦਿੱਲੀ,(ਭਾਸ਼ਾ)– ਭਾਰਤੀ ਏਅਰਟੈੱਲ ਦੇ ਸੀ. ਈ. ਓ. ਗੋਪਾਲ ਵਿੱਠਲ ਨੇ ਕਿਹਾ ਕਿ ਭਾਰਤ ਵਰਗੇ ਵੱਡੇ ਦੇਸ਼ ਨੂੰ ਦੂਰਸੰਚਾਰ ਖੇਤਰ ’ਚ 3 ਨਿੱਜੀ ਕੰਪਨੀਆਂ ਦੀ ਲੋੜ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਸਰਕਾਰ ਗੰਭੀਰ ਵਿੱਤੀ ਸੰਕਟ ਨਾਲ ਜੂਝ ਰਹੇ ਉਦਯੋਗ ਨੂੰ ਰਾਹਤ ਦੇਣ ਲਈ ਕਦਮ ਚੁੱਕੇਗੀ। ਇਹ ਟਿੱਪਣੀ ਵੋਡਾਫੋਨ ਆਈਡੀਆ ਦੀ ਹੋਂਦ ਬਣਾਈ ਰੱਖਣ ਦੇ ਸੰਘਰਸ਼ ਦਰਮਿਆਨ ਅਹਿਮ ਹੈ।
ਆਦਿੱਤਯ ਬਿਰਲਾ ਸਮੂਹ ਦੇ ਪ੍ਰਧਾਨ ਕੁਮਾਰ ਮੰਗਲਮ ਬਿਰਲਾ ਨੇ ਇਸ ਸਾਲ ਜੂਨ ’ਚ ਕਰਜ਼ੇ ’ਚ ਡੁੱਬੀ ਵੋਡਾਫੋਨ ਆਈਡੀਆ ਲਿਮਟਿਡ (ਵੀ. ਆਈ. ਐੱਲ.) ਵਿਚ ਸਮੂਹ ਦੀ ਹਿੱਸੇਦਾਰੀ ਸਰਕਾਰ ਜਾਂ ਕਿਸੇ ਹੋਰ ਇਕਾਈ ਨੂੰ ਸੌਂਪਣ ਦੀ ਪੇਸ਼ਕਸ਼ ਕੀਤੀ ਸੀ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਕੰਪਨੀ ਦੀ ਹੋਂਦ ਬਣੀ ਰਹੇ।
ਏਅਰਟੈੱਲ ਦੇ ਸੀ. ਈ. ਓ. ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਸਿਰਫ ਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਇਕ ਅਜਿਹੀ ਉਦਯੋਗ ਸਰੰਚਨਾ ਸਹੀ ਹੋਵੇਗੀ, ਜਿੱਥੇ ਤਿੰਨ ਕੰਪਨੀਆਂ ਨਾ ਸਿਰਫ ਬਣੀਆਂ ਰਹਿਣ ਸਗੋਂ ਤਰੱਕੀ ਕਰਨ ਅਤੇ ਨਿਸ਼ਚਿਤ ਤੌਰ ’ਤੇ ਸਰਕਾਰੀ ਕੰਪਨੀ ਹਮੇਸ਼ਾ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਕ ਦੇਸ਼ ਦੇ ਰੂਪ ’ਚ ਸਾਨੂੰ ਤਿੰਨ ਕੰਪਨੀਆਂ ਦੀ ਲੋੜ ਹੈ। ਇਹ 1.3 ਅਰਬ ਲੋਕਾਂ ਨਾਲ ਕਾਫੀ ਵੱਡਾ ਦੇਸ਼ ਹੈ, ਜੋ ਇਸ ਬਾਜ਼ਾਰ ’ਚ ਤਿੰਨ (ਨਿੱਜੀ) ਕੰਪਨੀਆਂ ਨੂੰ ਆਸਾਨੀ ਨਾਲ ਵਿਵਸਥਿਤ ਕਰ ਸਕਦਾ ਹੈ।