ਦੀਵਾਲੀਆਪਨ ਪ੍ਰਕਿਰਿਆ ’ਚ ਸ਼ਾਮਲ ਹੋਣਗੀਆਂ ਵੀਡੀਓਕਾਨ ਦੀਆਂ ਵਿਦੇਸ਼ੀ ਜਾਇਦਾਦਾਂ

Saturday, Feb 15, 2020 - 02:03 AM (IST)

ਦੀਵਾਲੀਆਪਨ ਪ੍ਰਕਿਰਿਆ ’ਚ ਸ਼ਾਮਲ ਹੋਣਗੀਆਂ ਵੀਡੀਓਕਾਨ ਦੀਆਂ ਵਿਦੇਸ਼ੀ ਜਾਇਦਾਦਾਂ

ਮੁੰਬਈ (ਭਾਸ਼ਾ)-ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਦੇਸ਼ ’ਚ ਚੱਲ ਰਹੀ ਦੀਵਾਲੀਆ ਪ੍ਰਕਿਰਿਆ ’ਚ ਵੀਡੀਓਕਾਨ ਇੰਡਸਟਰੀਜ਼ ਦੇ ਵਿਦੇਸ਼ ’ਚ ਸਥਿਤ ਤੇਲ ਅਤੇ ਗੈਸ ਕਾਰੋਬਾਰ ਨੂੰ ਸ਼ਾਮਲ ਕਰਨ ਦਾ ਹੁਕਮ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਨੇ 2016 ਦੇ ਅੰਤ ’ਚ ਦੀਵਾਲੀਆਪਨ ਪ੍ਰਕਿਰਿਆ ਲਈ ਜਿਨ੍ਹਾਂ 12 ਖਾਤਿਆਂ ਨੂੰ ਭੇਜਿਆ ਸੀ, ਉਨ੍ਹਾਂ ’ਚ ਵੀਡੀਓਕਾਨ ਸ਼ਾਮਲ ਸੀ। ਵੱਖ-ਵੱਖ ਖੇਤਰਾਂ ’ਚ ਕੰਮ ਕਰਦੇ ਇਸ ਸਮੂਹ ’ਤੇ ਕਰਜ਼ਦਾਤਿਆਂ ਦਾ ਸਮੂਹਿਕ ਰੂਪ ’ਚ 1 ਲੱਖ ਕਰੋਡ਼ ਰੁਪਏ ਬਕਾਇਆ ਹੈ।

ਐੱਨ. ਸੀ. ਐੱਲ. ਟੀ. ਨੇ ਕਿਹਾ ਕਿ ਵੀਡੀਓਕਾਨ ਸਮੂਹ ਦੀਆਂ ਹੋਰ ਕਮਰਸ਼ੀਅਲ ਜਾਇਦਾਦਾਂ ਦੇ ਨਾਲ ਇਕ ਹੀ ਆਰਥਿਕ ਇਕਾਈ ਦੇ ਰੂਪ ’ਚ ਵਿਹਾਰ ਕਰਨਾ ਸਾਰੇ ਕਰਜ਼ਦਾਤਿਆਂ ਦੇ ਹਿੱਤ ’ਚ ਹੈ। ਹੁਕਮ ’ਚ ਕਿਹਾ ਗਿਆ ਹੈ, ‘‘ਅਸੀਂ ਇਹ ਸਿੱਟਾ ਕੱਢਿਆ ਹੈ ਕਿ ਵੀ. ਓ. ਵੀ. ਐੱਲ., ਵੀ. ਐੱਚ. ਐੱਚ. ਐੱਲ., ਵੀ. ਈ. ਬੀ. ਐੱਲ. ਅਤੇ ਵੀ. ਆਈ. ਐੱਨ. ਆਈ. ਦੇ ਮਾਧਿਅਮ ਨਾਲ ਸਮੂਹ ਦੀਆਂ ਵਿਦੇਸ਼ ’ਚ ਸਥਿਤ ਤੇਲ ਅਤੇ ਗੈਸ ਜਾਇਦਾਦਾਂ ਅਸਲ ’ਚ ਵੀਡੀਓਕਾਨ ਦੀਆਂ ਜਾਇਦਾਦਾਂ ਹੀ ਹਨ। ਇਸ ਲਈ ਉਨ੍ਹਾਂ ਕੋਲ ਮੌਜੂਦ ਜਾਇਦਾਦਾਂ ਨੂੰ ਵੀਡੀਓਕਾਨ ਦੀਆਂ ਜਾਇਦਾਦਾਂ ਕਿਹਾ ਜਾ ਸਕਦਾ ਹੈ ਜੋ ਦੀਵਾਲੀਆ ਹੋਣ ਦੀ ਸਥਿਤੀ ’ਚ ਹਨ।’’


author

Karan Kumar

Content Editor

Related News