ਸਰਕਾਰ ਦੇ ਦਖਲ ਨਾਲ N-95 ਮਾਸਕ ਦੀ ਕੀਮਤ 47 ਫੀਸਦੀ ਤੱਕ ਘਟੀ

05/26/2020 8:33:16 AM

ਨਵੀਂ ਦਿੱਲੀ— ਸਰਕਾਰ ਨੇ ਕਿਹਾ ਕਿ ਐੱਨ-95 ਮਾਸਕ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ ਅਤੇ ਦਰਾਮਦਕਾਰਾਂ ਨੇ ਇਸ ਦੀਆਂ ਕੀਮਤਾਂ ਵਿਚ 47 ਫੀਸਦੀ ਤੱਕ ਦੀ ਕਮੀ ਕਰ ਦਿੱਤੀ ਹੈ। ਰੈਗੂਲੇਟਰ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸ ਅਥਾਰਟੀ (ਐੱਨ. ਪੀ. ਪੀ. ਏ.) ਵੱਲੋਂ ਦੇਸ਼ ਵਿਚ ਮਾਸਕ ਸਸਤੀਆਂ ਦਰਾਂ 'ਤੇ ਉਪਲਬਧ ਕਰਵਾਉਣ ਲਈ ਕਦਮ ਚੁੱਕੇ ਜਾਣ ਤੋਂ ਬਾਅਦ ਕੀਮਤਾਂ ਵਿਚ ਕਮੀ ਆਈ ਹੈ। ਪਹਿਲਾਂ ਐੱਨ-95 ਮਾਸਕ 150 ਤੋਂ 300 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਾਜ਼ਾਰ ਵਿਚ ਵੇਚੇ ਜਾ ਰਹੇ ਸਨ। ਇਹ ਕੀਮਤ ਐੱਨ. ਪੀ. ਪੀ. ਏ. ਦੇ ਸਲਾਹ ਮਸ਼ਵਰੇ ਤੋਂ ਬਾਅਦ ਘੱਟ ਗਈ ਹੈ।

ਰਸਾਇਣ ਤੇ ਖਾਦ ਮੰਤਰਾਲਾ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਐੱਨ. ਪੀ. ਪੀ. ਏ. ਨੇ ਐੱਨ-95 ਮਾਸਕ ਦੀ ਉੱਚੀ ਕੀਮਤ ਦੇ ਮੁੱਦੇ ਨੂੰ ਹੱਲ ਕਰਨ ਲਈ ਕਦਮ ਚੁੱਕੇ ਹਨ ਅਤੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਇਹ ਦੇਸ਼ ਵਿਚ ਸਸਤੇ ਰੇਟ 'ਤੇ ਆਮ ਲੋਕਾਂ ਲਈ ਉਪਲਬਧ ਹੋਣ। ਬਿਆਨ ਅਨੁਸਾਰ ਅਥਾਰਟੀ ਨੇ ਸਾਰੇ ਨਿਰਮਾਤਾਵਾਂ/ਸਪਲਾਇਰਾਂ ਨੂੰ 21 ਮਈ 2020 ਨੂੰ ਐੱਨ-95 ਮਾਸਕ ਦੀ ਗੈਰ-ਸਰਕਾਰੀ ਖਰੀਦ ਲਈ ਕੀਮਤ ਇਕਸਾਰ ਤੇ ਵਾਜਬ ਰੱਖਣ ਲਈ ਕਿਹਾ ਸੀ।

ਐੱਨ. ਪੀ. ਪੀ. ਏ. ਯਾਨੀ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸ ਅਥਾਰਟੀ ਨੇ ਬੰਬੇ ਹਾਈਕੋਰਟ ਸਾਹਮਣੇ ਵੀ ਕਿਹਾ ਕਿ ਉਹ ਦੇਸ਼ ਵਿਚ ਐੱਨ-95 ਮਾਸਕ ਦੀ ਮੰਗ ਅਤੇ ਸਪਲਾਈ ਵਿਚਲੇ ਪਾੜੇ 'ਤੇ ਨਜ਼ਰ ਰੱਖ ਰਹੀ ਹੈ ਅਤੇ ਉਸ ਨੇ ਨਿਰਮਾਤਾਵਾਂ, ਦਰਾਮਦਕਾਰਾਂ ਅਤੇ ਸਪਲਾਇਰਾਂ ਨੂੰ ਸਵੈ-ਇੱਛਾ ਨਾਲ ਕੀਮਤ ਘਟਾਉਣ ਦੀ ਸਲਾਹ ਦਿੱਤੀ ਹੈ। ਹਾਈਕੋਰਟ 'ਚ ਐੱਨ-95 ਮਾਸਕ ਦੀ ਕੀਮਤ ਨਿਰਾਧਰਤ ਕਰਨ ਦੀ ਮੰਗ ਨਾਲ ਜੁੜੀ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਐੱਨ. ਪੀ. ਪੀ. ਏ. ਨੇ ਇਹ ਗੱਲ ਕਹੀ।


Sanjeev

Content Editor

Related News