ਮੱਧ ਵਰਗ ਨਾਲ ਮੇਰਾ ਸਬੰਧ, ਉਨ੍ਹਾਂ ਦੇ ਦਬਾਅ ਨੂੰ ਸਮਝਦੀ ਹਾਂ : ਸੀਤਾਰਮਨ

01/16/2023 3:40:30 PM

ਨਵੀਂ ਦਿੱਲੀ (ਭਾਸ਼ਾ) - ਆਮ ਬਜਟ ਪੇਸ਼ ਕਰਨ ਤੋਂ ਦੋ ਹਫ਼ਤੇ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਹ ਮੱਧ ਵਰਗ ਦੇ ਦਬਾਅ ਨੂੰ ਸਮਝਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਯਾਦ ਕਰਵਾਇਆ ਕਿ ਮੌਜੂਦਾ ਸਰਕਾਰ ਨੇ ਮੱਧ ਵਰਗ ’ਤੇ ਕੋਈ ਨਵਾਂ ਟੈਕਸ ਨਹੀਂ ਲਾਇਆ ਹੈ। ਸੀਤਾਰਮਨ 1 ਫਰਵਰੀ ਨੂੰ ਲੋਕ ਸਭਾ ’ਚ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕਰੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਬਜਟ ’ਚ ਇਨਕਮ ਟੈਕਸ ਦੀ ਹੱਦ ਵਧਾਏਗੀ ਅਤੇ ਮੱਧ ਵਰਗ ਦੇ ਟੈਕਸਦਾਤਿਆਂ ਅਤੇ ਹੋਰਾਂ ਨੂੰ ਵੀ ਕੁਝ ਰਾਹਤ ਦੇਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਮੈਂ ਵੀ ਮੱਧ ਵਰਗ ਨਾਲ ਸਬੰਧ ਰੱਖਦੀ ਹਾਂ, ਇਸ ਲਈ ਮੈਂ ਮੱਧ ਵਰਗ ਦੇ ਦਬਾਅ ਨੂੰ ਸਮਝ ਸਕਦੀ ਹਾਂ। ਮੈਂ ਖੁਦ ਨੂੰ ਮੱਧ ਵਰਗ ਦਾ ਮੰਨਦੀ ਹਾਂ, ਇਸ ਲਈ ਮੈਂ ਇਸ ਗੱਲ ਨੂੰ ਸਮਝਦੀ ਹਾਂ। ਇਸ ਦੇ ਨਾਲ ਹੀ ਉਨ੍ਹਾਂ ਯਾਦ ਦਿਵਾਇਆ ਕਿ ਮੌਜੂਦਾ ਮੋਦੀ ਸਰਕਾਰ ਨੇ ਮੱਧ ਵਰਗ ’ਤੇ ਕੋਈ ਨਵਾਂ ਟੈਕਸ ਨਹੀਂ ਲਾਇਆ ਹੈ। ਉਨ੍ਹਾਂ ਕਿਹਾ ਕਿ 5 ਲੱਖ ਰੁਪਏ ਤੱਕ ਦੀ ਆਮਦਨ ਆਮਦਨ ਕਰ ਤੋਂ ਮੁਕਤ ਹੈ।

ਸੂਬਿਆਂ ਦੀ ਵਿੱਤੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਮੁਫ਼ਤ ਤੋਹਫਿਆਂ ਦੇ ਵਾਅਦੇ ਕੀਤੇ ਜਾਣੇ ਚਾਹੀਦੇ ਹਨ

ਸੀਤਾਰਮਨ ਨੇ ਭਰੋਸਾ ਦਿਵਾਇਆ ਕਿ ਸਰਕਾਰ ਮੱਧ ਵਰਗ ਲਈ ਹੋਰ ਵੱਧ ਕਰ ਸਕਦੀ ਹੈ, ਕਿਉਂਕਿ ਇਸ ਦਾ ਆਕਾਰ ਕਾਫੀ ਵੱਡਾ ਹੋ ਗਿਆ ਹੈ। ਸਰਕਾਰ 2020 ਤੋਂ ਹਰ ਬਜਟ ’ਚ ਪੂੰਜੀ ਖਰਚਾ ਵਧਾ ਰਹੀ ਹੈ। ਚਾਲੂ ਵਿੱਤੀ ਸਾਲ ਲਈ ਇਸ ਨੂੰ 35 ਫੀਸਦੀ ਵਧਾ ਕੇ 7.5 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ, ਕਿਉਂਕਿ ਇਸ ਦਾ ਅਰਥਵਿਵਸਥਾ ’ਤੇ ਹਾਂ-ਪੱਖੀ ਅਸਰ ਪੈਂਦਾ ਹੈ। ਪਾਕਿਸਤਾਨ ਨਾਲ ਵਪਾਰ ’ਤੇ ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਨੇ ਭਾਰਤ ਨੂੰ ਕਦੇ ਵੀ ਸਭ ਤੋਂ ਵੱਧ ਤਰਜੀਹੀ ਦੇਸ਼ (ਐੱਮ. ਐੱਫ. ਐੱਨ.) ਦਾ ਦਰਜਾ ਨਹੀਂ ਦਿੱਤਾ। ਸਰਕਾਰਾਂ ਵੱਲੋਂ ਦਿੱਤੇ ਜਾਾਂਣ ਵਾਲੇ ਮੁਫਤ ਤੋਹਫਿਆਂ ਦੇ ਸਬੰਧ ’ਚ ਵਿੱਤ ਮੰਤਰੀ ਨੇ ਕਿਹਾ ਕਿ ਸੂਬਿਆਂ ਦੀ ਵਿੱਤੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਵਾਅਦੇ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ’ਚ ਪੂਰੀ ਪਾਰਦਰਸ਼ਤਾ ਵਰਤੀ ਜਾਣੀ ਚਾਹੀਦੀ ਹੈ।


Harinder Kaur

Content Editor

Related News