10 ਮਹੀਨੇ ਪਿੱਛੋਂ ਮਾਰਚ 'ਚ MUTUAL ਫੰਡਾਂ ਦਾ ਸਟਾਕਸ 'ਚ ਸ਼ੁੱਧ ਨਿਵੇਸ਼
Sunday, Apr 04, 2021 - 02:02 PM (IST)
ਨਵੀਂ ਦਿੱਲੀ- ਮਿਊਚੁਅਲ ਫੰਡ ਕੰਪਨੀਆਂ ਨੇ ਮਾਰਚ ਵਿਚ ਸ਼ੇਅਰਾਂ ਵਿਚ 2,476 ਕਰੋੜ ਰੁਪਏ ਲਾਏ ਹਨ। ਇਸ ਤਰ੍ਹਾਂ 10 ਮਹੀਨਿਆਂ ਵਿਚ ਪਹਿਲੀ ਵਾਰ ਮਿਊਚੁਅਲ ਫੰਡ ਵੱਲੋਂ ਸ਼ੇਅਰਾਂ ਵਿਚ ਸ਼ੁੱਧ ਨਿਵੇਸ਼ ਕੀਤਾ ਗਿਆ ਹੈ। ਇਨਵੈਸਟ19 ਦੇ ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕੌਸ਼ੈਂਦਰ ਸਿੰਘ ਸੇਂਗਰ ਨੇ ਕਿਹਾ ਕਿ ਨੇੜਲੇ ਭਵਿੱਖ ਵਿਚ ਸ਼ੇਅਰਾਂ ਵਿਚ ਮਿਊਚੁਅਲ ਫੰਡ ਨਿਵੇਸ਼ ਸਥਿਰ ਰਹੇਗਾ।
ਉੱਥੇ ਹੀ, ਭਾਰਤੀ ਸਕਿਓਟਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੇ ਅੰਕੜਿਆਂ ਮੁਤਾਬਕ, ਮਾਰਚ ਤੋਂ ਪਹਿਲਾਂ ਜੂਨ 2020 ਤੋਂ ਮਿਊਚੁਅਲ ਫੰਡ ਸ਼ੇਅਰਾਂ ਵਿਚੋਂ ਲਗਾਤਾਰ ਨਿਕਾਸੀ ਕਰ ਰਹੇ ਸਨ।
ਮਾਈਵੈਲਥਗ੍ਰੋਥ ਦੇ ਸਹਿ-ਸੰਸਥਾਪਕ ਹਰਸ਼ਦ ਚੇਤਨਵਾਲਾ ਨੇ ਕਿਹਾ, ''ਮਾਰਚ ਵਿਚ ਬਾਜ਼ਾਰ ਵਿਚ ਕੁਝ ਉਤਰਾਅ-ਚੜ੍ਹਾਅ ਰਿਹਾ। ਇਕ ਸਮੇਂ ਬਾਜ਼ਾਰ ਮਹੀਨੇ ਦੀ ਸ਼ੁਰੂਆਤ ਤੋਂ ਚਾਰ-ਪੰਜ ਫ਼ੀਸਦੀ ਹੇਠਾਂ ਸਨ। ਜੇਕਰ ਪਿਛਲੀ ਕੁਝ ਤਿਮਾਹੀਆਂ ਨੂੰ ਦੇਖੀਏ ਤਾਂ ਬਾਜ਼ਾਰ ਲਗਾਤਾਰ ਚੜ੍ਹਿਆ ਹੈ, ਜਿਸ ਦੀ ਵਜ੍ਹਾ ਨਾਲ ਨਿਵੇਸ਼ਕਾਂ ਨੇ ਮੁਨਾਫਾ ਕਟਿੱਆ ਹੈ।'' ਗ੍ਰੋ ਦੇ ਸਹਿ-ਸੰਸਥਾਪਕ ਅਤੇ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਹਰਸ਼ ਜੈਨ ਨੇ ਕਿਹਾ ਕਿ ਮਿਊਚੁਅਲ ਫੰਡ ਤੋਂ ਨਿਕਾਸੀ ਦਾ ਦਬਾਅ ਘੱਟ ਹੋ ਰਿਹਾ ਹੈ। ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੇ ਬਾਵਜੂਦ ਵਿਚ ਕੋਈ ਵੱਡੀ ਗਿਰਾਵਟ ਨਹੀਂ ਆਈ ਹੈ।
ਗੌਰਤਲਬ ਹੈ ਕਿ ਫਰਵਰੀ ਵਿਚ ਮਿਊਚੁਅਲ ਫੰਡ ਨੇ ਸ਼ੇਅਰਾਂ ਵਿਚੋਂ 16,306 ਕਰੋੜ ਰੁਪਏ ਅਤੇ ਜਨਵਰੀ ਵਿਚ 13,032 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। ਦਸੰਬਰ ਵਿਚ ਉਨ੍ਹਾਂ ਨੇ ਸ਼ੇਅਰਾਂ ਵਿਚੋਂ 26,428 ਕਰੋੜ ਰੁਪਏ, ਨਵੰਬਰ ਵਿਚ 30,760 ਕਰੋੜ ਰੁਪਏ, ਅਕਤੂਬਰ ਵਿਚ 14,492 ਕਰੋੜ ਰੁਪਏ, ਸਤੰਬਰ ਵਿਚ 4,134 ਕਰੋੜ ਰੁਪਏ, ਅਗਸਤ ਵਿਚ 9,213 ਕਰੋੜ ਰੁਪਏ, ਜੁਲਾਈ ਵਿਚ 9,195 ਕਰੋੜ ਰੁਪਏ ਅਤੇ ਜੂਨ ਵਿਚ 6,12 ਕਰੋੜ ਰੁਪਏ ਕੱਢੇ ਸਨ।