ਮਿਊਚੁਅਲ ਫੰਡ ਯੋਜਨਾਵਾਂ ਦੇ ਟਰੱਸਟੀ ਇਕ ਚਿਤਾਵਨੀ ਪ੍ਰਣਾਲੀ ਵਿਕਸਿਤ ਕਰਨ : ਸੇਬੀ ਮੁਖੀ
Monday, Oct 13, 2025 - 11:41 PM (IST)

ਮੁੰਬਈ (ਭਾਸ਼ਾ)-ਬਾਜ਼ਾਰ ਰੈਗੂਲੇਟਰੀ ਸੇਬੀ ਦੇ ਚੇਅਰਮੈਨ ਤੁਹਿਨ ਕਾਂਤ ਪਾਂਡੇ ਨੇ ਮਿਊਚੁਅਲ ਫੰਡ ਕੰਪਨੀਆਂ ਦੇ ਟਰੱਸਟੀਆਂ ਨੂੰ ਨਿਵੇਸ਼ਕਾਂ ਦੇ ਹਿੱਤਾਂ ਦੀ ਰੱਖਿਆ ਲਈ ਅਜਿਹੀ ਮਜ਼ਬੂਤ ‘ਤੁਰੰਤ ਚਿਤਾਵਨੀ ਪ੍ਰਣਾਲੀ’ ਵਿਕਸਿਤ ਕਰਨ ਲਈ ਕਿਹਾ, ਜੋ ਬੇਨਿਯਮੀਆਂ ਦਾ ਜਲਦੀ ਪਤਾ ਲਾ ਕੇ ਸਮੇਂ ’ਤੇ ਦਖਲਅੰਦਾਜ਼ੀ ਯਕੀਨੀ ਬਣਾ ਸਕੇ।
ਪਾਂਡੇ ਨੇ ਇੱਥੇ ‘ਲੀਡਰਸ਼ਿਪ ਡਾਇਲਾਗ ਫਾਰ ਟਰੱਸਟੀਜ਼ ਆਫ ਮਿਊਚੁਅਲ ਫੰਡਸ’ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਟਰੱਸਟੀ ਮਿਊਚੁਅਲ ਫੰਡ ਪ੍ਰਣਾਲੀ ਦੀ ਪਾਰਦਰਸ਼ਤਾ ਅਤੇ ਭਰੋਸੇਯੋਗਤਾ ਬਣਾਈ ਰੱਖਣ ਦੀ ਪਹਿਲੀ ਕਤਾਰ ਹਨ। ਅਜਿਹੇ ’ਚ ਟਰੱਸਟੀਆਂ ਨੂੰ ਸੇਬੀ ਦੀ ਪਹਿਲ ਦੇ ਗੈਰ-ਸਰਗਰਮ ਪ੍ਰਾਪਤਕਰਤਾ ਬਣੇ ਰਹਿਣ ਦੀ ਬਜਾਏ ਸਰਗਰਮ ਰੂਪ ਨਾਲ ਨਿਵੇਸ਼ਕਾਂ ਦੀ ਸੁਰੱਖਿਆ ’ਚ ਭਾਗੀਦਾਰੀ ਕਰਨੀ ਚਾਹੀਦੀ ਹੈ ।
ਸੇਬੀ ਪ੍ਰਮੁੱਖ ਨੇ ਟਰੱਸਟੀ ਨੂੰ ਨਿਵੇਸ਼ਕਾਂ ਦੇ ਭਰੋਸੇ ਦੀ ਰੀੜ੍ਹ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਭੂਮਿਕਾ ਰਸਮੀ ਨਾ ਹੋ ਕੇ ਨੈਤਿਕ ਅਤੇ ਸੰਸਥਾਗਤ ਹੈ, ਜੋ ਨਿਰੰਤਰ ਨਿਗਰਾਨੀ ਅਤੇ ਜਵਾਬਦੇਹੀ ਦੀ ਮੰਗ ਕਰਦੀ ਹੈ।