ਸਰੋਂ ਦੇ ਤੇਲ ਨੇ ਵਿਗਾੜਿਆ ਰਸੋਈ ਦਾ ਬਜਟ, 5 ਦਿਨਾਂ ’ਚ 40 ਰੁਪਏ ਲਿਟਰ ਵਧੇ ਰੇਟ

Saturday, Apr 24, 2021 - 10:00 AM (IST)

ਸਰੋਂ ਦੇ ਤੇਲ ਨੇ ਵਿਗਾੜਿਆ ਰਸੋਈ ਦਾ ਬਜਟ, 5 ਦਿਨਾਂ ’ਚ 40 ਰੁਪਏ ਲਿਟਰ ਵਧੇ ਰੇਟ

ਨਵੀਂ ਦਿੱਲੀ (ਇੰਟ.) – ਰਿਫਾਇੰਡ ਆਇਲ ਦੀ ਮਹਿੰਗਾਈ ਨੇ ਤਾਂ ਨੱਕ ’ਚ ਦਮ ਕੀਤਾ ਹੀ ਹੈ। ਹੁਣ ਜ਼ਿਆਦਾਤਰ ਘਰਾਂ ’ਚ ਇਸਤੇਮਾਲ ਹੋਣ ਵਾਲਾ ਸਰੋਂ ਦਾ ਤੇਲ ਰਸੋਈ ਦਾ ਬਜਟ ਵਿਗਾੜ ਰਿਹਾ ਹੈ। ਮਸ਼ੀਨਾਂ ’ਤੇ ਮਿਲਣ ਵਾਲਾ ਸਰੋਂ ਦਾ ਸ਼ੁੱਧ ਖੁੱਲ੍ਹਾ ਤੇਲ ਸਿਰਫ 5 ਦਿਨਾਂ ’ਚ 135 ਰੁਪਏ ਪ੍ਰਤੀ ਲਿਟਰ ਤੋਂ 175 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। ਯਾਨੀ ਕਿ ਤੇਲ ਦਾ ਰੇਟ 40 ਰੁਪਏ ਪ੍ਰਤੀ ਲਿਟਰ ਵਧ ਗਿਆ ਹੈ।

ਉਥੇ ਹੀ ਜੇ ਗੱਲ ਸਰਕਾਰੀ ਅੰਕੜਿਆਂ ਦੀ ਕਰੀਏ ਤਾਂ ਕੇਂਦਰੀ ਖਪਤਕਾਰ ਮੰਤਰਾਲਾ ਦੀ ਵੈੱਬਸਾਈਟ ਮੁਤਾਬਕ ਸਰੋਂ ਦੇ ਪੈਕ ਤੇਲ ਦੀ ਕੀਮਤ ’ਚ ਵੀ ਪਿਛਲੇ ਇਕ ਮਹੀਨੇ ’ਚ 45 ਰੁਪਏ ਦਾ ਉਛਾਲ ਆਇਆ ਹੈ। ਪਟਨਾ ’ਚ 22 ਅਪ੍ਰੈਲ ਨੂੰ ਸਰੋਂ ਦੇ ਪੈਕ ਤੇਲ ਦੀ ਕੀਮਤ 155 ਰੁਪਏ ਅਤੇ ਦਿੱਲੀ ’ਚ 160, ਜਦੋਂ ਕਿ ਸਾਹਿਬਗੰਜ ’ਚ 209 ਰੁਪਏ ਲਿਟਰ ਸੀ। ਉੱਥੇ ਹੀ ਜੈਪੁਰ ’ਚ 155 ਅਤੇ ਮੁੰਬਈ ’ਚ 169 ਅਤੇ ਨਾਸਿਕ ’ਚ ਇਹ 194 ਰੁਪਏ ਲਿਟਰ ਤੱਕ ਪਹੁੰਚ ਗਿਆ ਹੈ।

ਕਿਉਂ ਵਧ ਰਹੇ ਹਨ ਰੇਟ

ਸਰੋਂ ਦੀ ਪਿੜਾਈ ਕਰਨ ਵਾਲੇ ਕਾਰੋਬਾਰੀ ਸੰਦੀਪ ਜਾਇਸਵਾਲ ਦੱਸਦੇ ਹਨ ਕਿ ਇਕ ਹਫਤਾ ਪਹਿਲਾਂ ਜੋ ਸਰੋਂ ਦਾਣਾ 6500 ਰੁਪਏ ਕੁਇੰਟਲ ਸੀ, ਉਹ ਅੱਜ 8000 ਰੁਪਏ ਤੋਂ ਪਾਰ ਚਲਾ ਗਿਆ ਹੈ। ਸੰਦੀਪ ਦੱਸਦੇ ਹਨ ਕਿ ਹੋਲੀ ਦੇ ਤਿਓਹਾਰ ਮੌਕੇ ਸਰੋਂ ਦਾ ਤੇਲ 120 ਰੁਪਏ ਲਿਟਰ ਵਿਕਿਆ ਅਤੇ ਅੱਜ ਦੀ ਡੇਟ ’ਚ 175 ਰੁਪਏ ਵੇਚਣਾ ਪੈ ਰਿਹਾ ਹੈ।

ਸੋਇਆਬੀਨ ਤੋਂ ਸਸਤੇ ਹਨ ਸਰੋਂ, ਮੂੰਗਫਲੀ ਅਤੇ ਬਿਨੌਲਾ

ਇਸ ਸਮੇਂ ਹਾਲਾਤ ਇਹ ਹਨ ਕਿ ਸਰੋਂ, ਮੂੰਗਫਲੀ, ਬਿਨੌਲਾ ਦੇ ਰੇਟ ਸੋਇਆਬੀਨ ਦੇ ਮੁਕਾਬਲੇ ਘੱਟ ਹਨ। ਉੱਥੇ ਹੀ ਕੱਚਾ ਪਾਮ ਤੇਲ ਵੀ ਲਗਾਤਾਰ ਮਜ਼ਬੂਤੀ ’ਚ ਬਣਿਆ ਹੋਇਆ ਹੈ। ਸਰੋਂ ਤੇਲ (ਦਾਦਰੀ) ਦਾ ਮਿੱਲ ਡਲਿਵਰੀ ਭਾਅ 300 ਰੁਪਏ ਵਧ ਕੇ 15,000 ਰੁਪਏ ਹੋ ਗਿਆ ਉੱਥੇ ਹੀ ਸੋਇਆਬੀਨ ਤੇਲ ਦਿੱਲੀ ’ਚ 150 ਰੁਪਏ ਵਧ ਕੇ 15,500 ਰੁਪਏ ਕੁਇੰਟਲ ਹੋ ਗਿਆ। ਕਾਂਡਲਾ ਬੰਦਰਗਾਹ ’ਤੇ ਸੋਇਆਬੀਨ ਡੀਗਮ ਦਾ ਭਾਅ 450 ਰੁਪਏ ਵਧ ਕੇ 14,500 ਰੁਪਏ ਕੁਇੰਟਲ ਦੱਸਿਆ ਗਿਆ। ਮਾਲ ਦੀ ਤੰਗੀ ਕਾਰਨ ਬਿਨੌਲਾ ਤੇਲ ਹਰਿਆਣਾ 100 ਰੁਪਏ ਵਧ ਕੇ 14,900 ਰੁਪਏ ਕੁਇੰਟਲ ’ਤੇ ਪਹੁੰਚ ਗਿਆ ਜਦੋਂ ਕਿ ਰਿਫਾਇੰਡ ਪਾਮੋਲਿਨ ਤੇਲ 100 ਰੁਪਏ ਵਧ ਕੇ 14,100 ਰੁਪਏ ਕੁਇੰਟਲ ਹੋ ਗਿਆ।


author

Harinder Kaur

Content Editor

Related News