ਭਾਰਤ ਨਾਲ ਜ਼ਮੀਨੀ ਸਰਹੱਦ ਸਾਂਝੀ ਵਾਲੇ ਦੇਸ਼ਾਂ ਤੋਂ ਮਿਲੇ ਸਭ ਤੋਂ ਵੱਧ FDI ਪ੍ਰਸਤਾਵ

Monday, Sep 20, 2021 - 11:57 AM (IST)

ਭਾਰਤ ਨਾਲ ਜ਼ਮੀਨੀ ਸਰਹੱਦ ਸਾਂਝੀ ਵਾਲੇ ਦੇਸ਼ਾਂ ਤੋਂ ਮਿਲੇ ਸਭ ਤੋਂ ਵੱਧ FDI ਪ੍ਰਸਤਾਵ

ਨਵੀਂ ਦਿੱਲੀ- ਸਰਕਾਰ ਨੂੰ ਇਲੈਕਟ੍ਰਾਨਿਕਸ ਅਤੇ ਆਈ. ਟੀ., ਉਦਯੋਗ ਅਤੇ ਅੰਦਰੂਨੀ ਵਪਾਰ ਅਤੇ ਭਾਰੀ ਉਦਯੋਗਾਂ ਵਰਗੇ 3 ਵਿਭਾਗਾਂ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੇ ਸਭ ਤੋਂ ਜ਼ਿਆਦਾ ਪ੍ਰਸਤਾਵ ਪ੍ਰਾਪਤ ਹੋਏ ਹਨ। ਇਹ ਪ੍ਰਸਤਾਵ ਉਨ੍ਹਾਂ ਦੇਸ਼ਾਂ ਤੋਂ ਮਿਲੇ ਹਨ, ਜਿਨ੍ਹਾਂ ਦੀ ਸਰਹੱਦ ਭਾਰਤ ਦੇ ਨਾਲ ਲੱਗਦੀ ਹੈ।

ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਅਪ੍ਰੈਲ, 2020 ’ਚ ਘਰੇਲੂ ਕੰਪਨੀਆਂ ਦੀ ‘ਮੌਕਾ ਪ੍ਰਸਤ’ ਅਕਵਾਇਰਮੈਂਟ ’ਤੇ ਰੋਕ ਲਈ ਭਾਰਤ ਦੇ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਨ ਵਾਲੇ ਦੇਸ਼ਾਂ ਤੋਂ ਵਿਦੇਸ਼ੀ ਨਿਵੇਸ਼ ’ਤੇ ਆਗਾਊਂ ਮਨਜ਼ੂਰੀ ਲਾਜ਼ਮੀ ਕਰ ਦਿੱਤੀ ਸੀ। ਚੀਨ, ਬੰਗਲਾ ਦੇਸ਼, ਪਾਕਿਸਤਾਨ, ਭੁਟਾਨ, ਨੇਪਾਲ, ਮਿਆਮਾਰ ਅਤੇ ਅਫਗਾਨਿਸਤਾਨ ਵਰਗੇ ਦੇਸ਼ ਭਾਰਤ ਦੀ ਸਰਹੱਦ ਨਾਲ ਜੁੜੇ ਹੋਏ ਹਨ। ਸਰਕਾਰ ਦੇ ਫ਼ੈਸਲੇ ਅਨੁਸਾਰ ਇਨ੍ਹਾਂ ਦੇਸ਼ਾਂ ਤੋਂ ਪ੍ਰਾਪਤ ਐੱਫ. ਡੀ. ਆਈ. ਪ੍ਰਸਤਾਵਾਂ ਨੂੰ ਭਾਰਤ ’ਚ ਕਿਸੇ ਵੀ ਖੇਤਰ ’ਚ ਨਿਵੇਸ਼ ਲਈ ਸਰਕਾਰ ਦੀ ਮਨਜ਼ੂਰੀ ਦੀ ਲੋੜ ਹੈ।

ਅਧਿਕਾਰੀ ਨੇ ਦੱਸਿਆ ਕਿ ਐੱਫ. ਡੀ. ਆਈ. ਦੇ ਜ਼ਿਆਦਾਤਰ ਪ੍ਰਸਤਾਵ ਭਾਰੀ ਮਸ਼ੀਨਰੀ, ਵਾਹਨ, ਵਾਹਨ ਕਲਪੁਰਜਾ ਵਿਨਿਰਮਾਣ, ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ, ਈ-ਕਾਮਰਸ ਅਤੇ ਲਾਈਟ ਇੰਜੀਨੀਅਰਿੰਗ ਖੇਤਰ ’ਚ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਤਿੰਨ ਪ੍ਰਮੁੱਖ ਵਿਭਾਗਾਂ ਤੋਂ ਇਲਾਵਾ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਅਤੇ ਫਾਰਮਾਸਿਊਟਿਕਲ ਵਿਭਾਗ ਨੂੰ ਵੀ ਇਨ੍ਹਾਂ ਦੇਸ਼ਾਂ ਤੋਂ ਐੱਫ. ਡੀ. ਆਈ. ਦੇ ਕਈ ਪ੍ਰਸਤਾਵ ਮਿਲੇ ਹਨ। ਸਰਕਾਰ ਦੇ ਕੋਲ ਇਸ ਫ਼ੈਸਲੇ ਦੇ ਤਹਿਤ ਇਸ ਸਾਲ 15 ਜੂਨ ਤੱਕ ਇਲੈਕਟ੍ਰਾਨਿਕਸ ਅਤੇ ਆਈ. ਟੀ. ਮੰਤਰਾਲਾ, ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ ਅਤੇ ਭਾਰੀ ਉਦਯੋਗ ਮੰਤਰਾਲਾ ਦੇ ਕੋਲ ਐੱਫ. ਡੀ. ਆਈ. ਦੇ 40 ਤੋਂ ਜ਼ਿਆਦਾ ਪ੍ਰਸਤਾਵ ਬਕਾਇਆ ਸਨ। ਇਨ੍ਹਾਂ ’ਚੋਂ ਜ਼ਿਆਦਾਤਰ ਵਿਦੇਸ਼ੀ ਨਿਵੇਸ਼ ਪ੍ਰਸਤਾਵ ਚੀਨ ਅਤੇ ਹਾਂਗਕਾਂਗ ਤੋਂ ਆਏ ਹਨ। ਇਸ ਤੋਂ ਇਲਾਵਾ ਨੇਪਾਲ, ਭੁਟਾਨ ਅਤੇ ਬੰਗਲਾਦੇਸ਼ ਨੇ ਵੀ ਕੁਝ ਅਰਜ਼ੀਆਂ ਜਮ੍ਹਾ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਭਾਰਤ ਨੂੰ ਚਾਲੂ ਵਿੱਤੀ ਸਾਲ ’ਚ ਅਪ੍ਰੈਲ-ਜੂਨ ਤਿਮਾਹੀ ਦੌਰਾਨ 17.6 ਅਰਬ ਡਾਲਰ ਦਾ ਐੱਫ. ਡੀ. ਆਈ. ਪ੍ਰਾਪਤ ਹੋਇਆ ਹੈ।


author

Sanjeev

Content Editor

Related News