100 ਤੋਂ ਵੱਧ ਉੱਦਮੀਆਂ ਨੂੰ ਮਿਲਿਆ ਨਾਰਥ ਇੰਡੀਆ ਰੀਜਨ ਪੁਰਸਕਾਰ

Thursday, Mar 10, 2022 - 01:20 PM (IST)

ਨਵੀਂ ਦਿੱਲੀ (ਨਵੋਦਿਆ ਟਾਈਮਸ) – ਕੌਂਸਲ ਫਾਰ ਲੈਦਰ ਐਕਸਪੋਰਟਸ (ਸੀ. ਐੱਲ. ਈ.) ਨੇ ਰਾਜਧਾਨੀ ਦੇ ਤਾਜ ਪੈਲੇਸ ਹੋਟਲ ’ਚ ਲੈਦਰ ਅਸੈੱਸਰੀਜ਼ ਫੁਟਵੀਅਰ ਕਾਨਕਲੇਵ ਅਤੇ ਨਾਰਥ ਇੰਡੀਆ ਪੁਰਸਕਾਰ 2022 ਦਾ ਆਯੋਜਨ ਕੀਤਾ। ਇਸ ’ਚ ਮੁੱਖ ਮਹਿਮਾਨ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਕੇਂਦਰੀ ਮੰਤਰੀ ਨਾਰਾਇਣ ਰਾਣੇ ਨੇ ਕਿਹਾ ਿਕ ਦੇਸ਼ ਨੂੰ ਚਮੜਾ ਉਦਯੋਗ ਦੀਆਂ ਪ੍ਰਾਪਤੀਆਂ ਲਈ ਮਾਣ ਹੈ ਅਤੇ ਉਨ੍ਹਾਂ ਨੇ ਇਸ ਖੇਤਰ ਦੀ ਇਨੋਵੇਸ਼ਨ ਅਤੇ ਡਿਜਾਈਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਆਤਮ-ਨਿਰਭਰ ਭਾਰਤ ਅਤੇ ਬ੍ਰਾਂਡ ਇੰਡੀਆ ਮੁਹਿੰਮ ਦੀ ਪ੍ਰਮੋਸ਼ਨ ’ਚ ਸਾਡੇ ਬਰਾਮਦਕਾਰ ਮੋਹਰੀ ਭੂਮਿਕਾ ਨਿਭਾ ਕੇ ਦੇਸ਼ ਦੀ ਅਰਥਵਿਵਸਥਾ ਨੂੰ ਵਿਸ਼ਵ ਦੀ ਵੱਡੀ ਅਰਥਵਿਵਸਥਾ ਬਣਾ ਸਕਦੇ ਹਨ।

ਇਸ ਮੌਕੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਕੇਂਦਰੀ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਕਿਹਾ ਕਿ ਚਮੜਾ ਉਦਯੋਗ ਸਰਕਾਰ ਲਈ ਹਮੇਸ਼ਾ ਪਹਿਲ ਵਾਲਾ ਖੇਤਰ ਰਿਹਾ ਹੈ। ਦੁਨੀਆ ਇਸ ਸਮੇਂ ਸਾਨੂੰ ਇਕ ਪ੍ਰਮੁੱਖ ਨਿਰਮਾਣ ਕੇਂਦਰ ਵਜੋਂ ਦੇਖ ਕਹੀ ਹੈ। ਸਾਨੂੰ ਇਸ ਖੇਤਰ ’ਚ ਡਿਜਾਈਨ, ਇਨੋਵੇਸ਼ਨ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਪ੍ਰੋਗਰਾਮ ’ਚ ਕੌਂਸਲ ਫਾਰ ਲੈਦਰ ਐਕਸਪੋਰਟਸ ਦੇ ਚੇਅਰਮੈਨ ਸੰਜੇ ਲੀਖਾ ਨੇ ਕਿਹਾ ਕਿ ਸਰਕਾਰ ਵਲੋਂ ਇਸ ਸਾਲ ਦਾ ਦਿੱਤਾ ਗਿਆ ਟੀਚਾ 5.89 ਬਿਲੀਅਨ ਯੂ. ਐੱਸ. ਡਾਲਰ ਐਕਸਪੋਰਟ ਇੰਡਸਟਰੀ ਹਾਸਲ ਕਰੇਗੀ। ਲੀਖਾ ਨੇ ਸਰਕਾਰ ਨੂੰ ਸਮਰਥਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਨੂੰ ਚਮੜਾ ਉਦਯੋਗ ਤੱਕ ਲਿਆਂਦਾ ਜਾਵੇ ਅਤੇ ਕੱਪੜਾ ਖੇਤਰ ਵਾਂਗ ਹੀ ਇਕ ਲੈਦਰ ਪਾਰਕ ਦੀ ਕਲਪਨਾ ਚਮੜਾ ਉਦਯੋਗ ਲਈ ਕੀਤੀ ਜਾਵੇ। ਪ੍ਰੋਗਰਾਮ ’ਚ ਨਾਰਦਰਨ ਰੀਜਨਲ ਚੇਅਰਮੈਨ ਮੋਤੀਲਾਲ ਸੇਠੀ ਨੇ ਜੇਤੂਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਦੋਵੇਂ ਕੇਂਦਰੀ ਮੰਤਰੀਆਂ ਦਾ ਧੰਨਵਾਦ ਪ੍ਰਗਟਾਇਆ।

ਬਰਾਮਦਕਾਰਾਂ ਨੂੰ ਲਾਜਿਸਟਿਕ ਖੇਤਰ ’ਚ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਨੋਟਿਸ ਲਵੇ ਸਰਕਾਰ : ਰਾਘਵ ਖੰਨਾ

ਪੁਰਸਕਾਰ ਸਮਾਰੋਹ ’ਚ ਹਾਰਨੇਸ ਅਤੇ ਸੈਡਲਰੀ ਨਾਨ ਲੈਦਰ ਕੈਟਾਗਰੀ ’ਚ ਸਿਲਵਰ ਮੈਡਲ ਹਾਸਲ ਕਰਨ ਵਾਲੇ ਅੰਮ੍ਰਿਤਸਰ ਦੇ ਰਾਘਵ ਖੰਨਾ ਨੇ ਕਿਹਾ ਕਿ ਉਨ੍ਹਾਂ ਨੇ ਐਕਸਪੋਰਟ ਦਾ ਕੰਮ 2001 ਤੋਂ ਸ਼ੁਰੂ ਕੀਤਾ ਸੀ। ਸਾਡਾ ਮੁੱਖ ਕੰਮ ਟੈਕਸਟਾਈਲ ਦਾ ਸੀ ਪਰ ਹੌਲੀ-ਹੌਲੀ ਅਸੀਂ ਹਾਰਨੇਸ ਅਤੇ ਸੈਡਲਰੀ ਉਤਪਾਦਾਂ ’ਚ ਅੱਗੇ ਆਏ। ਪਿਛਲੇ 5-6 ਸਾਲਾਂ ’ਚ ਸਾਡੀ ਕਾਰਪੈਕਸ ਵੂਲ ਥ੍ਰੈੱਡ ਕੰਪਨੀ ਨੇ ਇਸ ’ਚ ਤੇਜ਼ੀ ਫੜੀ ਹੈ। ਖਾਸ ਕਰ ਕੇ ਪਿਛਲੇ 2 ਸਾਲਾਂ ’ਚ ਜਦੋਂ ਕੋਵਿਡ-19 ਕਾਰਨ ਲੋਕ ਆਊਟਡੋਰ ਐਕਟੀਵਿਟੀਜ਼ ’ਚ ਜ਼ਿਆਦਾ ਇਛੁੱਕ ਰਹੇ ਹਨ। ਅਸੀਂ ਘੋੜਸਵਾਰੀ ਨਾਲ ਸਬੰਧਤ ਉਤਪਾਦ ਬਣਾਉਂਦੇ ਹਾਂ, ਜਿਸ ਦਾ ਸਾਨੂੰ ਵਿਦੇਸ਼ੀ ਖਰੀਦਦਾਰਾਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਸਾਡੇ ਕੋਲ ਫਲੋ ’ਚ ਆਰਡਰ ਆ ਰਹੇ ਹਨ। ਕੇਂਦਰ ਸਰਕਾਰ ਨੇ 2-4 ਨਵੀਆਂ ਯੋਜਨਾਵਾਂ ਲਾਗੂ ਕੀਤੀਆਂਹਨ, ਜਿਨ੍ਹਾਂ ਨਾਲ ਬਰਾਮਦ ਸੈਕਟਰ ਨੂੰ ਹੋਰ ਉਤਸ਼ਾਹ ਮਿਲੇਗਾ। ਹਾਲਾਂਕਿ ਬਰਾਦਮਕਾਰਾਂ ਨੂੰ ਰੇਟ ਵਧਣ ਕਾਰਨ ਲਾਜਿਸਟਿਕਸ ਦੀ ਸਮੱਸਿਆ ਆ ਰਹੀ ਹੈ। ਪਹਿਲਾਂ ਅਮਰੀਕਾ ਜਾਂ ਯੂਰਪ ਲਈ ਜਿਸ ਕੰਟੇਲਰ ਦੀ ਲਾਜਿਸਟਿਕ ਕੀਮਤ 500-700 ਡਾਲਰ ਹੁੰਦੀ ਸੀ ਉਹ ਹੁਣ 7 ਤੋਂ 10 ਹਜ਼ਾਰ ਡਾਲਰ ਹੋ ਗਈ ਹੈ। ਇਸ ਦੇ ਕਾਰਨ ਕੰਟੇਨਰ ਦੀ ਉਪਲਬਧਤਾ ਵੀ ਸੀਮਤ ਹੋ ਗਈ ਹੈ। ਆਉਣ ਵਾਲੇ ਸਮੇਂ ’ਚ ਸਰਕਾਰ ਨੂੰ ਇਸ ਮੁੱਦੇ ’ਤੇ ਬਰਾਮਦਕਾਰਾਂ ਦੀ ਮਦਦ ਕਰਨੀ ਚਾਹੀਦੀ ਹੈ।

ਦੱਸ ਦਈਏ ਕਿ ਪ੍ਰੋਗਰਾਮ ’ਚ ਸਾਲ 2019-20 ਅਤੇ 2020-21 ਦੇ ਬਰਾਮਦ ਖੇਤਰ ਦੇ ਨਾਰਥ ਇੰਡੀਆ ਰੀਜਨ ਪੁਰਸਕਾਰ ਦਿੱਤੇ ਗਏ। ਇਨ੍ਹਾਂ ’ਚ ਫਰੈੱਸ਼ ਲੈਦਰ, ਲੈਦਰ ਪ੍ਰੋਡਕਟਸ, ਲੈਦਰ ਗਾਰਮੈਂਟਸ, ਸੈਡਲਰੀ ਅਤੇ ਹਾਰਨੇਸ, ਲੈਦਰ ਫੁੱਟਵੀਅਰ ਆਦਿ ਕੈਟਾਗਰੀ ’ਚ 100 ਤੋਂ ਵੱਧ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਚ ਸਵੇਰ ਦੇ ਸੈਸ਼ਨ ’ਚ ਇਕ ਪੈਨਲ ਚਰਚਾ ਹੋਈ, ਜਿਸ ’ਚ ਲੈਦਰ ਸਪੋਰਟਸ ਇੰਡਸਟਰੀ ਦਾ ਅੱਜ ਜੋ ਪੱਧਰ ਹੈ, ਉਸ ਨਾਲ ਲਗਭਗ ਢਾਈ ਗੁਣਾ ਅਗਲੇ 5 ਸਾਲਾਂ ’ਚ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ, ਇੰਡਸਟਰੀ ’ਚ ਕੀ ਬਦਲਾਅ ਹੋਣੇ ਚਾਹੀਦੇ ਹਨ, ਆਦਿ ਵਿਸ਼ਿਆਂ ’ਤੇ ਚਰਚਾ ਕੀਤੀ ਗਈ।


Harinder Kaur

Content Editor

Related News