GST ਦੀ ਭਰਪਾਈ ਵਜੋਂ ਸੂਬਾ ਸਰਕਾਰਾਂ ਨੂੰ ਹੁਣ ਤੱਕ 78,000 ਕਰੋੜ ਰੁਪਏ ਜਾਰੀ
Monday, Jan 25, 2021 - 07:07 PM (IST)
ਨਵੀਂ ਦਿੱਲੀ, (ਭਾਸ਼ਾ)- ਵਿੱਤ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਸੂਬਿਆਂ ਨੂੰ ਜੀ. ਐੱਸ. ਟੀ. ਵਿਚ ਕਮੀ ਦੀ ਭਰਪਾਈ ਵਜੋਂ 13ਵੀਂ ਕਿਸ਼ਤ ਦੇ ਰੂਪ ਵਿਚ 6,000 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਹੁਣ ਤੱਕ ਇਸ ਵਿਵਸਥਾ ਤਹਿਤ 78,000 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।
ਸੂਬਿਆਂ ਅਤੇ ਕੇਂਦਰ ਸ਼ਾਸਤ ਸੂਬਿਆਂ ਨੂੰ ਹੁਣ ਤੱਕ ਅੰਦਾਜ਼ਨ ਜੀ. ਐੱਸ. ਟੀ. ਮੁਆਵਜ਼ਾ ਦਾ 70 ਫ਼ੀਸਦੀ ਹਿੱਸਾ ਜਾਰੀ ਕੀਤਾ ਜਾ ਚੁੱਕਾ ਹੈ।
ਜੀ. ਐੱਸ. ਟੀ. ਲਾਗੂ ਕੀਤੇ ਜਾਣ ਦੇ ਮੱਦੇਨਜ਼ਰ ਮਾਲੀਆ ਵਿਚ 1.10 ਲੱਖ ਕਰੋੜ ਰੁਪਏ ਦੀ ਅਨੁਮਾਨਤ ਕਮੀ ਨੂੰ ਪੂਰਾ ਕਰਨ ਲਈ ਕੇਂਦਰ ਨੇ ਅਕਤੂਬਰ 2020 ਵਿਚ ਇਕ ਵਿਸ਼ੇਸ਼ ਉਧਾਰ ਪ੍ਰਣਾਲੀ ਸ਼ੁਰੂ ਕੀਤੀ ਸੀ। ਵਿੱਤ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਜੀ. ਐੱਸ. ਟੀ. ਮੁਆਵਜ਼ੇ ਲਈ ਸੂਬਿਆਂ ਨੂੰ 6,000 ਕਰੋੜ ਰੁਪਏ ਦੀ ਹਫ਼ਤਾਵਾਰੀ 13ਵੀਂ ਕਿਸ਼ਤ ਜਾਰੀ ਕੀਤੀ ਹੈ। ਇਸ ਵਿਚੋਂ 23 ਸੂਬਿਆਂ ਨੂੰ 5,516.60 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਦੋਂ ਕਿ ਵਿਧਾਨ ਸਭਾ ਵਾਲੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ (ਦਿੱਲੀ, ਜੰਮੂ-ਕਸ਼ਮੀਰ ਅਤੇ ਪੁਡੂਚੇਰੀ) ਨੂੰ 483.40 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਇਸ ਹਫ਼ਤੇ ਇਹ ਰਕਮ 5.30 ਫ਼ੀਸਦੀ ਦੀ ਵਿਆਜ ਦਰ 'ਤੇ ਉਧਾਰ ਲਈ ਗਈ ਸੀ। ਬਿਆਨ ਦੇ ਅਨੁਸਾਰ ਕੇਂਦਰ ਸਰਕਾਰ ਨੇ ਹੁਣ ਤੱਕ ਵਿਸ਼ੇਸ਼ ਉਧਾਰੀ ਮਾਧਿਅਮ ਨਾਲ ਔਸਤ 4.74 ਫ਼ੀਸਦੀ ਦੀ ਵਿਆਜ ਦਰ 'ਤੇ 78,000 ਕਰੋੜ ਰੁਪਏ ਉਧਾਰ ਲਏ ਹਨ।