ਮਾਈਕ੍ਰੋਸਾਫਟ ਤੇਲੰਗਾਨਾ ’ਚ ਖੋਲ੍ਹੇਗੀ ਡਾਟਾ ਸੈਂਟਰ! ਕਰੇਗੀ 15,000 ਕਰੋੜ ਰੁਪਏ ਦਾ ਨਿਵੇਸ਼
Wednesday, Jul 21, 2021 - 02:42 PM (IST)

ਮੁੰਬਈ– ਅਮਰੀਕਾ ਦੀ ਤਕਨੀਕੀ ਦਿੱਗਜ ਕੰਪਨੀ ਮਾਈਕ੍ਰੋਸਾਫਟ ਤੇਲੰਗਾਨਾ ’ਚ 15,000 ਕਰੋੜ ਰੁਪਏ ਦੇ ਨਿਵੇਸ਼ ਨਾਲ ਡਾਟਾ ਸੈਂਟਰ ਬਣਾਉਣ ਦੀ ਤਿਆਰੀ ’ਚ ਹੈ। ਇਸ ਲਈ ਕੰਪਨੀ ਸੂਬਾ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ। ਸੂਤਰਾਂ ਮੁਤਾਬਕ, ਮਾਈਕ੍ਰੋਸਾਫਟ ਨੇ ਹੈਦਰਾਬਾਦ ਦੇ ਨੇੜੇ ਪਲਾਂਟ ਨੂੰ ਵੀ ਨਿਸ਼ਾਨਬੱਧ ਕਰ ਲਿਆ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਤੇਲੰਗਾਨਾ ’ਚ ਆਈ.ਟੀ. ਖੇਤਰ ’ਚ ਕੁਝ ਵੱਡੇ ਨਿਵੇਸ਼ ਦੀ ਸੰਭਾਵਨਾ ਵੇਖੀ ਜਾ ਰਹੀ ਹੈ। ਮਾਈਕ੍ਰੋਸਾਫਟ ਇਥੇ ਆਪਣਾ ਡਾਟਾ ਸੈਂਟਰ ਬਣਾਏਗੀ ਅਤੇ ਇਸ ਦਾ ਐਲਾਨ ਜਲਦ ਹੀ ਕੀਤਾ ਜਾ ਸਕਦਾ ਹੈ। ਇਹ ਡਾਟਾ ਸੈਂਟਰ ਹੈਦਰਾਬਾਦ ਦੇ ਨੇੜੇ ਹੋਵੇਗਾ।
ਮਾਈਕ੍ਰੋਸਾਫਟ ਇੰਡੀਆ ਦੇ ਬੁਲਾਰੇ ਨੇ ਇਸ ਬਾਰੇ ਕੋਈ ਟਿਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। 2019 ’ਚ ਮਾਈਕ੍ਰੋਸਾਫਟ ਅਤੇ ਰਿਲਾਇੰਸ ਜੀਓ ਨੇ ਭਾਰਤ ’ਚ ਕਲਾਊਡ ਡਾਟਾ ਸੈਂਟਰ ਸਥਾਪਿਤ ਕਰਨ ਲਈ ਲੰਬੇ ਸਮੇਂ ਲਈ ਸਮਝੌਤਾ ਕੀਤਾ ਸੀ। ਸਮਝੌਤੇ ਤਹਿਤ ਮਾਈਕ੍ਰੋਸਾਫਟ ਦੀ ਯੋਜਨਾ ਅਜਿਹੇ ਛੋਟੇ ਕਾਰੋਬਾਰੀ ਘਰਾਨਿਆਂ ਨੂੰ ਟਾਰਗੇਟ ਕਰਕੇ ਜੀਓ ਨੈੱਟਵਰਕ ’ਤੇ ਏਜਰ ਕਲਾਊਡ ਲਿਆਉਣ ਦੀ ਸੀ, ਜੋ ਕਲਾਊਡ ਤਕਨੀਕ ਅਪਣਾਉਣਾ ਚਾਹੁੰਦੇ ਹਨ।
ਬੀਤੇ ਸਮੇਂ ’ਚ ਭਾਰਤ ’ਚ ਡਾਟਾ ਸੈਂਟਰ ਦੇ ਖੇਤਰ ’ਚ ਕਈ ਗਲੋਬਲ ਦਿੱਗਜਾਂ ਨੇ ਨਿਵੇਸ਼ ਕੀਤਾ ਹੈ। ਐਮੇਜ਼ਾਨ ਵੈੱਬ ਸਰਵਿਸਿਜ਼, ਗੂਗਲ, ਮਾਈਕ੍ਰੋਸਾਫਟ, ਪ੍ਰਾਈਵੇਟ ਇਕਵਿਟੀ ਫਰਮਾਂ ਅਤੇ ਸਥਾਨਕ ਕੰਪਨੀਾਂ ਨੇ ਵੀ ਡਾਟਾ ਸੈਂਟਰ ਖੋਲ੍ਹਣ ’ਚ ਦਿਲਚਸਪੀ ਵਿਖਾਈ ਹੈ। ਪ੍ਰੈਕਸਿਸ ਗਲੋਬਲ ਅਲਾਇੰਸ ਰਿਪੋਰਟ ਮੁਤਾਬਕ, 2024 ਤਕ ਡਾਟਾ ਸੈਂਟਰ ਦੀ ਆਮਦਨ ਕਰੀਬ 4 ਅਰਬ ਡਾਲਰ ਤਕ ਪਹੁੰਚਣ ਦਾ ਅਨੁਮਾਨ ਹੈ, ਨਾਲ ਹੀ ਆਈ.ਟੀ. ਪਾਵਰ ਲੋਡ ਦੀ ਸਮਰੱਥਾ ਇਸ ਦੌਰਾਨ ਸਾਲਾਨਾ 16 ਫੀਸਦੀ ਦਰ ਨਾਲ ਵਧ ਸਕਦੀ ਹੈ। ਡਾਟਾ ਦੇ ਸਥਾਨੀਕਰਨ ਨਿਯਮਾਂ ਅਤੇ ਕੰਪਨੀਆਂ ਦੇ ਡਿਜੀਟਲ ਦੀ ਦਿਸ਼ਾ ’ਚ ਕਦਮ ਵਧਾਉਣ ਨਾਲ ਕਲਾਊਡ ਤਕਨੀਕ ਦੀ ਮੰਗ ਵਧ ਰਹੀ ਹੈ।