ਡ੍ਰੈਗਨ ਨੇ ਕੀਤਾ ਸੀ ਰਿਜ਼ਰਵ ਮੈਟਲਸ ਵੇਚਣ ਦਾ ਐਲਾਨ, ਅਮਰੀਕਾ ਦੇ ਇਕ ਝਟਕੇ ਨੇ ਪਲਟ ਦਿੱਤੀ ਬਾਜ਼ੀ
Saturday, Jun 26, 2021 - 10:00 AM (IST)
ਬਿਜ਼ਨੈੱਸ ਡੈਸਕ (ਨਰੇਸ਼ ਅਰੋੜਾ) : ਮੈਟਲਸ ਦੀਆਂ ਕੀਮਤਾਂ ਨੂੰ ਤਾਨਾਸ਼ਾਹੀ ਅਤੇ ਬਾਜਾ਼ਰ ’ਤੇ ਲਗਾਮ ਲਗਾਉਣ ਦੇ ਪੈਂਤਰਿਆਂ ਦੇ ਨਾਲ ਕੰਮ ਕਰਨ ਨੂੰ ਬੇਤਾਬ ਚੀਨ ’ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦਾ ਇਕ ਝਟਕਾ ਸ਼ੁੱਕਰਵਾਰ ਨੂੰ ਵੀ ਭਾਰੀ ਪਿਆ ਅਤੇ ਦੁਨੀਆ ਭਰ ’ਚ ਸ਼ੁੱਕਰਵਾਰ ਨੂੰ ਮੈਟਲਸ ਦੀਆਂ ਕੀਮਤਾਂ ਡਿਗਣ ਦੀ ਥਾਂ ਵਧਣੀਆਂ ਸ਼ੁਰੂ ਹੋ ਗਈਆਂ।
ਚੀਨ ਨੇ ਦੇਸ਼ ’ਚ ਵਧ ਰਹੀਆਂ ਮੈਟਲਸ ਦੀਆਂ ਕੀਮਤਾਂ ’ਤੇ ਕਾਬੂ ਪਾਉਣ ਲਈ ਆਪਣਾ ਰਿਜ਼ਰਵ ਮੈਟਲ ਵੇਚਣ ਦਾ ਐਲਾਨ ਕੀਤਾ ਸੀ ਅਤੇ ਉਸ ਨੂੰ ਉਮੀਦ ਸੀ ਕਿ ਉਹ ਇਸ ਪੈਂਤਰੇ ਨਾਲ ਮੈਟਲਸ ਦੀਆਂ ਕੀਮਤਾਂ ਨੂੰ ਕੰਟਰੋਲ ’ਚ ਕਰ ਲਵੇਗਾ ਪਰ ਵੀਰਵਾਰ ਰਾਤ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ 1 ਖਰਬ ਡਾਲਰ ਦੇ ਇੰਫ੍ਰਾਸਟ੍ਰਕਚਰ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ।
ਇਸ ਖਬਰ ਦੇ ਨਾਲ ਹੀ ਸ਼ੁੱਕਰਵਾਰ ਸਵੇਰੇ ਸ਼ੰਘਾਈ ’ਚ ਹੀ ਮੈਟਲਸ ਦੀਆਂ ਕੀਮਤਾਂ ਨੇ ਰਫਤਾਰ ਫੜ੍ਹ ਲਈ ਅਤੇ ਜਦੋਂ ਦੁਪਹਿਰ ਵੇਲੇ ਲੰਡਨ ਮੈਟਲ ਐਕਸਚੇਂਜ ਖੁੱਲ੍ਹਿਆ ਤਾਂ ਉੱਥੇ ਵੀ ਮੈਟਲਸ ਦੀਆਂ ਕੀਮਤਾਂ ’ਚ ਤੇਜੀ਼ ਦੇਖਣ ਨੂੰ ਮਿਲੀ।
ਹਾਲਾਂਕਿ ਸ਼ੁੱਕਰਵਾਰ ਸ਼ਾਮਲ ਨੂੰ ਅਮਰੀਕਾ ’ਚ ਮਹਿੰਗਾਈ ਦੇ ਅੰਕੜੇ ਆਉਣ ਤੋਂ ਬਾਅਦ ਮੈਟਲਸ ਦੀਆਂ ਕੀਮਤਾਂ ’ਚ ਥੋੜੀ ਨਰਮੀ ਜ਼ਰੂਰੀ ਆਈ ਪਰ ਇਸ ਦੇ ਬਾਵਜੂਦ ਮੈਟਲਸ ਦੀਆਂ ਕੀਮਤਾਂ ’ਤੇ ਕਾਬੂ ਪਾਉਣ ਲਈ ਚੀਨ ਵਲੋਂ ਚਲਾਇਆ ਗਿਆ ਪੈਂਤਰਾ ਬੁਰੀ ਤਰ੍ਹਾਂ ਫੇਲ ਸਾਬਤ ਹੋਇਆ ਹੈ।
ਇਕ ਲੱਖ ਟਨ ਮੈਟਲ ਬਾਜ਼ਾਰ ’ਚ ਵੇਚੇਗਾ ਚੀਨ
ਦਰਅਸਲ ਚੀਨ ਦੇ ਨੈਸ਼ਨਲ ਫੂਡ ਐਂਡ ਸਟ੍ਰੇਟਰਜਿਕ ਰਿਜ਼ਰਵ ਪ੍ਰਸ਼ਾਸਨ ਨੇ ਵੀਰਵਾਰ ਨੂੰ 6 ਅਤੇ 7 ਜੁਲਾਈ ਨੂੰ ਆਪਣੇ ਰਿਜ਼ਰਵ ’ਚੋਂ 20 ਹਜ਼ਾਰ ਟਨ ਕਾਪਰ, 30 ਹਜ਼ਾਰ ਟਨ ਜਿੰਕ ਅਤੇ 50 ਹਜ਼ਾਰ ਟਨ ਐਲੂਮੀਨੀਅਮ ਖੁੱਲੀ ਨੀਲਾਮੀ ਰਾਹੀਂ ਵੇਚਣ ਦਾ ਐਲਾਨ ਕੀਤਾ ਸੀ। ਚੀਨ ਖੁੱਲ੍ਹੀ ਨੀਲਾਮੀ ਰਾਹੀਂ ਜਿੰਨਾ ਕਾਪਰ ਵੇਚਣ ਜਾ ਰਿਹਾ ਹੈ, ਉਹ ਉਸ ਦੇ ਮਈ ਮਹੀਨੇ ਦੇ ਕੁਲ ਉਤਪਾਦਨ ਦਾ ਸਿਰਫ 2.3 ਫੀਸਦੀ ਹੈ ਜਦ ਕਿ ਨੀਲਾਮੀ ’ਚ ਵੇਚਿਆ ਜਾਣ ਵਾਲਾ ਜਿੰਕ ਮਈ ਮਹੀਨੇ ਦੇ ਉਤਪਾਦਨ ਦਾ 5.7 ਫੀਸਦੀ ਅਤੇ ਐਲੂਮੀਨੀਅਮ ਮਈ ਮਹੀਨੇ ਦੇ ਉਤਪਾਦਨ ਦਾ ਸਿਰਫ 1.5 ਫੀਸਦੀ ਹੈ। ਜਿਸ ਦਿਨ ਚੀਨ ਨੇ ਖੁੱਲ੍ਹੇ ਬਾਜਾਰ ’ਚ ਆਪਣੇ ਮੈਟਲ ਰਿਜ਼ਰਵ ਨੂੰ ਵੇਚਣ ਦਾ ਐਲਾਨ ਕੀਤਾ ਸੀ, ਉਸ ਦਿਨ ਦੁਨੀਆ ਭਰ ਦੇ ਬਾਜ਼ਾਰਾਂ ’ਚ ਮੈਟਲ ਦੀਆਂ ਕੀਮਤਾਂ ’ਚ ਗਿਰਾਵਟ ਆਈ ਸੀ ਪਰ ਜਦੋਂ ਉਸ ਨੇ ਨੀਲਾਮ ਕੀਤੇ ਜਾਣ ਵਾਲੇ ਮੈਟਲਸ ਦੀ ਮਾਤਰਾ ਦਾ ਐਲਾਨ ਕੀਤਾ ਤਾਂ ਬਾਜ਼ਾਰ ਨੂੰ ਇਹ ਮਾਤਰਾ ਕਾਫੀ ਘੱਟ ਲੱਗੀ ਅਤੇ ਬਾਜ਼ਾਰ ’ਚ ਮੈਟਲਸ ਦੀਆਂ ਕੀਮਤਾਂ ਤੇਜ਼ ਹੋ ਗਈਆਂ।
ਆਇਰਨ ਓਰ ਟ੍ਰੇਡਰਾਂ ’ਤੇ ਛਾਪੇ ਮਾਰਨ ਦਾ ਪੈਂਤਰਾ ਵੀ ਫੇਲ
ਚੀਨ ਦੀ ਕੁੱਲ ਖਪਤ ਦਾ 60 ਫੀਸਦੀ ਆਇਰਨ ਓਰ ਉਸ ਨੂੰ ਬਰਾਮਦ ਕਰਨ ਵਾਲੇ ਆਸਟ੍ਰੇਲੀਆ ਨਾਲ ਵਿਵਾਦ ਖੜ੍ਹਾ ਕਰਨ ਤੋਂ ਬਾਅਦ ਚੀਨ ’ਚ ਆਇਰਨ ਓਰ ਦੀ ਕਮੀ ਹੋ ਰਹੀ ਹੈ, ਜਿਸ ਕਾਰਨ ਚੀਨ ’ਚ ਆਇਰਨ ਓਰ ਦੀਆਂ ਕੀਮਤਾਂ ਵਧ ਰਹੀਆਂ ਹਨ। ਇਨ੍ਹਾਂ ਕੀਮਤਾਂ ’ਤੇ ਕਾਬੂ ਪਾਉਣ ਲਈ ਚੀਨ ਨੇ ਕੁਝ ਦਿਨ ਪਹਿਲਾਂ ਆਇਰਨ ਓਰ ਦੇ ਟ੍ਰੇਡਰਾਂ ’ਤੇ ਛਾਪੇਮਾਰੀ ਕੀਤੀ ਸੀ ਪਰ ਇਨ੍ਹਾਂ ਛਾਪਿਆਂ ਦਾ ਅਸਰ ਇਕ-ਦੋ ਦਿਨ ਹੀ ਰਿਹਾ ਅਤੇ ਬਾਜ਼ਾਰ ਦੀ ਮੰਗ ਕਾਰਨ ਆਇਰਨ ਓਰ ਦੀਆਂ ਕੀਮਤਾਂ ’ਚ ਮੁੜ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਭਾਰਤ ’ਚ ਮੈਟਲ ਸ਼ੇਅਰ ਚਮਕੇ, ਸੇਲ ਦਾ ਸ਼ੇਅਰ 5 ਫੀਸਦੀ ਚੜ੍ਹਿਆ
ਅਮਰੀਕਾ ਦੇ ਐਲਾਨ ਨਾਲ ਸਵੇਰੇ ਭਾਰਤ ਦੇ ਸ਼ੇਅਰ ਬਾਜ਼ਾਰ ਖੁੱਲਦੇ ਹੀ ਮੈਟਲਸ ਸ਼ੇਅਰਾਂ ’ਚ ਤੇਜ਼ੀ ਦੇਖਣ ਨੂੰ ਮਿਲੀ। ਮੁੰਬਈ ਸਟਾਕ ਐਕਸਚੇਂਜ ਦਾ ਮੈਟਲ ਇੰਡੈਕਸ 508.00 ਅੰਕਾਂ ਦੀ ਤੇਜ਼ੀ ਨਾਲ 2.79 ਫੀਸਦੀ ਚੜ੍ਹ ਕੇ 18,703.89 ਅੰਕ ’ਤੇ ਬੰਦ ਹੋਇਆ। ਮੈਟਲਸ ਇੰਡੈਕਸ ’ਚ ਲਿਸਟੇਡ ਮੈਟਲ ਸ਼ੇਅਰਾਂ ’ਚ 1 ਤੋਂ ਲੈ ਕੇ 5 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਸ਼ੁੱਕਰਵਾਰ ਦੇ ਕਾਰੋਬਾਰ ’ਚ ਟਾਟਾ ਸਟੀਲ, ਜਿੰਦਲ ਸਟੀਲ, ਜੇ. ਐੱਸ. ਡਬਲਯੂ. ਸਟੀਲ, ਸੇਲ ਅਤੇ ਹਿੰਦੁਸਤਾਨ ਜਿੰਕ ਵਰਗੇ ਸ਼ੇਅਰ ਚੜ੍ਹ ਕੇ ਬੰਦ ਹੋਏ।
ਸ਼ੰਘਾਈ ਫਿਊਚਰ ਐਕਸਚੇਂਜ ’ਚ ਵਧੀ ਮੈਟਲਸ ਦੀ ਕੀਮਤ
ਚੀਨ ਵਲੋਂ ਮੈਟਲਸ ਦੇ ਖੁੱਲ੍ਹੇ ਬਾਜ਼ਾਰ ’ਚ ਐਲਾਨ ਤੋਂ ਪਹਿਲਾਂ 15 ਜੂਨ ਨੂੰ ਸ਼ੰਘਾਈ ਫਿਊਚਰ ਐਕਸਚੇਂਜ ’ਚ ਕਾਪਰ ਦਾ ਫਿਊਚਰ 69,360 ਟਨ ਪ੍ਰਤੀ ਯੁਆਨ ਕਾਰੋਬਾਰ ਕਰ ਰਿਹਾ ਸੀ ਅਤੇ ਇਹ 21 ਜੂਨ ਤੱਕ ਡਿੱਗ ਕੇ 66780 ਯੁਆਨ ਪ੍ਰਤੀ ਟਨ ’ਤੇ ਪਹੁੰਚ ਗਿਆ ਸੀ ਪਰ ਇਸ ਤੋਂ ਬਾਅਦ ਇਸ ’ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ 23 ਜੂਨ ਨੂੰ ਇਹ ਵਧ ਕੇ 68130 ਯੁਆਨ ’ਤੇ ਪਹੁੰਚ ਗਿਆ ਸੀ ਅਤੇ 24 ਜੂਨ ਨੂੰ ਇਹ ਇਕ ਵਾਰ ਮੁੜ 69,020 ਯੁਆਨ ਪ੍ਰਤੀ ਟਨ ’ਤੇ ਪਹੁੰਚ ਗਿਆ।
ਇਸੇ ਤਰ੍ਹਾਂ ਐਲੂਮੀਨੀਅਮ ਦਾ ਫਿਊਚਰ 16 ਜੂਨ ਦੇ 18,670 ਯੁਆਨ ਪ੍ਰਤੀ ਟਨ ਤੋਂ ਵਧ ਕੇ 18,856 ਯੁਆਨ ਪ੍ਰਤੀ ਟਨ ਨੂੰ ਪਾਰ ਕਰ ਚੁੱਕਾ ਹੈ ਜਦ ਕਿ ਜਿੰਕ ਦਾ ਫਿਊਚਰ ਫਿਲਹਾਲ 16 ਜੂਨ ਦੇ ਆਪਣੇ 21650 ਯੁਆਨ ਪ੍ਰਤੀ ਟਨ ਤੋਂ 3.7 ਫੀਸਦੀ ਹੇਠਾਂ ਕਾਰੋਬਾਰ ਕਰ ਰਿਹਾ ਸੀ।