ਮੈਟਲ ਦੀਆਂ ਕੀਮਤਾਂ ਅਸਮਾਨ ’ਤੇ, ਦੁਨੀਆ ਭਰ ’ਚ ਵਧੇਗੀ ਆਵਾਜਾਈ ਦੀ ਲਾਗਤ

03/04/2022 2:42:12 PM

ਨਵੀਂ ਦਿੱਲੀ (ਇੰਟ.) – ਰੂਸ-ਯੂਕ੍ਰੇਨ ਸੰਕਟ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਰੂਸ-ਯੂਕ੍ਰੇਨ ’ਚ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਪਰ ਹੁਣ ਤੱਕ ਇਹ ਗੱਲਬਾਤ ਬੇਨਤੀਜਾ ਰਹੀ ਹੈ। ਇਧਰ ਇਸ ਦਾ ਵਿਆਪਕ ਅਸਰ ਦਿਖਾਈ ਦੇਣ ਲੱਗਾ ਹੈ। ਕਰੂਡ ਆਇਲ ਦੀ ਕੀਮਤ 115 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ। ਉਧਰ ਕੋਲਾ, ਜਿੰਕ, ਐਲੂਮੀਨੀਅਮ, ਕਾਪਰ ਸਮੇਤ ਸਾਰੇ ਪ੍ਰਮੁੱਖ ਮੈਟਲ ’ਚ ਜ਼ਬਰਦਸਤ ਉਛਾਲ ਹੈ। ਇਸ ਸੰਕਟ ਦੇ ਛੇਤੀ ਹੱਲ ਨਾ ਹੋਣ ’ਤੇ ਮਹਿੰਗਾਈ ਬਹੁਤ ਜ਼ਿਆਦਾ ਵਧ ਜਾਣ ਦਾ ਖਤਰਾ ਹੈ। ਇਸ ਦਾ ਤੁਹਾਡੇ ਬਜਟ ’ਤੇ ਸਿੱਧਾ ਅਸਰ ਪਵੇਗਾ। ਰੋਜ਼ਾਨਾ ਦੀ ਵਰਤੋਂ ਵਾਲੀਆਂ ਚੀਜ਼ਾਂ ਕਾਫੀ ਮਹਿੰਗੀਆਂ ਹੋ ਜਾਣਗੀਆਂ।

ਇਹ ਵੀ ਪੜ੍ਹੋ : ਯੂਕ੍ਰੇਨ ਯੁੱਧ ਦਰਮਿਆਨ ਦੇਸ਼ ’ਚ ਇਨ੍ਹਾਂ ਪਦਾਰਥਾਂ ਦੀਆਂ ਕੀਮਤਾਂ ’ਚ ਭਾਰੀ ਉਛਾਲ ਦੀ ਸੰਭਾਵਨਾ

ਕਰੂਡ ਆਇਲ ’ਚ ਤੇਜ਼ੀ ਜਾਰੀ ਹੈ। ਇਸ ਦੀ ਕੀਮਤ 115 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਇਹ 2014 ਤੋਂ ਬਾਅਦ ਕਰੂਡ ਦਾ ਸਭ ਤੋਂ ਜ਼ਿਆਦਾ ਭਾਅ ਹੈ। ਵੈਸਟ-ਟੈਕਸਾਸ ਇੰਟਰਮੀਡੀਏਟ ਕਰੂਡ ਵੀ 110 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਇਸ ਸਾਲ ਦੀ ਸ਼ੁਰੂਆਤ ’ਚ ਕਰੂਡ ਦਾ ਭਾਅ 60 ਡਾਲਰ ਪ੍ਰਤੀ ਬੈਰਲ ਸੀ। ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ 25 ਫੀਸਦੀ ਤੱਕ ਚੜ੍ਹ ਚੁੱਕਾ ਹੈ।

ਦੁਨੀਆ ਭਰ ’ਚ ਵਧੇਗੀ ਆਵਾਜਾਈ ਦੀ ਲਾਗਤ

ਕਰੂਡ ਮਹਿੰਗਾ ਹੋਣ ਕਾਰਨ ਦੁਨੀਆ ਭਰ ’ਚ ਆਵਾਜਾਈ ਦੀ ਲਾਗਤ ਵਧੇਗੀ। ਇਸ ਦਾ ਸਿੱਧਾ ਅਸਰ ਹਰ ਉਸ ਚੀਜ਼ ਦੀ ਕੀਮਤ ’ਤੇ ਪਵੇਗਾ, ਜਿਸ ਦੀ ਢੁਆਈ ਹੁੰਦੀ ਹੈ। ਇਸ ’ਚ ਫਲ-ਸਬਜ਼ੀਆਂ ਤੋਂ ਲੈ ਕੇ ਮੈਨੂਫੈਕਚਰਡ ਗੁਡਸ ਤੱਕ ਸ਼ਾਮਲ ਹਨ। ਬੇਸ ਮੈਟਲਸ ਦੀਆਂ ਕੀਮਤਾਂ ’ਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਫਰਵਰੀ ’ਚ ਐਲੂਮੀਨੀਅਮ, ਕਾਪਰ, ਜਿੰਕ, ਲੈੱਡ ਵਰਗੇ ਪ੍ਰਮੁੱਖ ਮੈਟਲਾਂ ਦੀਆਂ ਕੀਮਤਾਂ ’ਚ 3.6 ਤੋਂ 15 ਫੀਸਦੀ ਦੀ ਤੇਜ਼ੀ ਆਈ ਹੈ। ਸਭ ਤੋਂ ਵੱਧ ਤੇਜ਼ੀ ਐਲੂਮੀਨੀਅਮ ’ਚ ਆਈ ਹੈ। ਪਿਛਲੇ ਇਕ ਸਾਲ ’ਚ ਐਲੂਮੀਨੀਅਮ ਦਾ ਭਾਅ 58 ਫੀਸਦੀ ਤੋਂ ਜ਼ਿਆਦਾ ਚੜ੍ਹ ਚੁੱਕਾ ਹੈ। ਇਹ ਕਈ ਸਾਲਾਂ ਦੀ ਉਚਾਈ ’ਤੇ ਹੈ। ਇਸ ਦਾ ਅਸਰ ਤਿਆਰ ਵਸਤਾਂ ਦੀਆਂ ਕੀਮਤਾਂ ’ਤੇ ਪੈਣਾ ਤੈਅ ਹੈ। ਇਨ੍ਹਾਂ ਮੈਟਲ ਦਾ ਇਨਪੁੱਟ ਦੇ ਰੂਪ ’ਚ ਕਈ ਇੰਡਸਟ੍ਰੀਜ਼ ’ਚ ਇਸਤੇਮਾਲ ਹੁੰਦਾ ਹੈ। ਆਟੋ ਸੈਕਟਰ ਇਸ ਦੀ ਉਦਾਹਰਣ ਹੈ। ਇਨ੍ਹਾਂ ਦੀਆਂ ਕੀਮਤਾਂ ਵਧਣ ਕਾਰਨ ਕੰਪਨੀਆਂ ਦੀ ਲਾਗਤ ਵਧ ਜਾਵੇਗੀ। ਫਿਰ ਉਨ੍ਹਾਂ ਨੂੰ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣੀਆਂ ਪੈਣਗੀਆਂ। ਰੂਸ ਐਲੂਮੀਨੀਅਮ ਅਤੇ ਕਾਪਰ ਸਮੇਤ ਕਈ ਬੇਸ ਮੈਟਲਸ ਦਾ ਵੱਡਾ ਉਤਪਾਦਕ ਹੈ। ਯੂਕ੍ਰੇਨ ਸੰਕਟ ਕਾਰਨ ਰੂਸ ’ਤੇ ਵਿਆਪਕ ਪਾਬੰਦੀ ਲਗ ਗਈ ਹੈ, ਇਸ ਲਈ ਉਹ ਮੈਟਲ ਦੀ ਬਰਾਮਦ ਨਹੀਂ ਕਰ ਸਕੇਗਾ।

ਇਹ ਵੀ ਪੜ੍ਹੋ : ਯੂਕ੍ਰੇਨ-ਰੂਸ ਯੁੱਧ : ਕੇਂਦਰ ਨੂੰ ਲੈਣੇ ਪੈ ਸਕਦੇ ਹਨ ਸਖ਼ਤ ਫ਼ੈਸਲੇ, ਜਲਦ ਫਟ ਸਕਦੈ ਮਹਿੰਗਾਈ ਦਾ ਬੰਬ

ਕੋਲੇ ਦੀਆਂ ਕੌਮਾਂਤਰੀ ਕੀਮਤਾਂ ’ਚ ਵੀ ਉਛਾਲ, ਬਿਜਲੀ ਹੋਵੇਗੀ ਮਹਿੰਗੀ

ਕੋਲੇ ਦੀਆਂ ਕੌਮਾਂਤਰੀ ਕੀਮਤਾਂ ’ਚ ਵੀ ਉਛਾਲ ਆਇਆ ਹੈ। ਯੂਰਪ ’ਚ ਕੋਲੇ ਦਾ ਫਿਊਚਰਸ ਵਧ ਕੇ 260 ਡਾਲਰ ਪ੍ਰਤੀ ਟਨ ’ਤੇ ਪਹੁੰਚ ਗਿਆ ਹੈ। ਇਸ ਦਾ ਸਿੱਧਾ ਅਸਰ ਬਿਜਲੀ ਉਤਪਾਦਨ ਸਮੇਤ ਕਈ ਇੰਡਸਟਰੀ ’ਤੇ ਪਵੇਗਾ। ਇੰਡੀਆ ਵੀ ਬਿਹਤਰ ਕੁਆਲਿਟੀ ਦੇ ਕੋਲੇ ਦੀ ਦਰਾਮਦ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਤੋਂ ਕਰਦਾ ਹੈ। ਮਹਿੰਗੇ ਕੋਲੇ ਕਾਰਨ ਬਿਜਲੀ ਮਹਿੰਗੀ ਹੋ ਜਾਵੇਗੀ। ਇੰਡੀਆ ਸਮੇਤ ਕਈ ਦੇਸ਼ਾਂ ’ਚ ਹੁਣ ਵੀ ਬਿਜਲੀ ਬਣਾਉਣ ਲਈ ਕੋਲੇ ਦਾ ਕਾਫੀ ਇਸਤੇਮਾਲ ਹੁੰਦਾ ਹੈ।

ਵਧੇਗੀ ਸਟੀਲ ਦੀ ਕੀਮਤ

ਜੇ. ਪੀ. ਮਾਰਗਨ ਨੇ ਸਟੀਲ ’ਤੇ ਰਾਏ ਪ੍ਰਗਟਾਉਂਦੇ ਹੋਏ ਕਿਹਾ ਕਿ 2020 ’ਚ ਰੂਸ ਸਟੀਲ ਦਾ ਸਭ ਤੋਂ ਵੱਡਾ ਬਰਾਮਦਕਾਰ ਸੀ ਜਦ ਕਿ ਯੂਕ੍ਰੇਨ ਚੌਥਾ ਵੱਡਾ ਸਟੀਲ ਐਕਸਪੋਰਟਰ ਸੀ। ਇਸ ਤੋਂ ਅੱਗੇ ਚੀਨ ’ਚ ਉਤਪਾਦਨ ਨਾ ਵਧਣ ’ਤੇ ਸਟੀਲ ਦੀਆਂ ਕੀਮਤਾਂ ਵਧਣਗੀਆਂ। ਗਲੋਬਲ ਸਟੀਲ ਐਕਸਪੋਰਟ ’ਚ ਰੂਸ ਦੀ ਹਿੱਸੇਦਾਰੀ 11 ਫੀਸਦੀ ਦੇ ਕਰੀਬ ਹੈ। ਫਿਲਹਾਲ ਰੂਸ 26.4 ਐੱਮ. ਟੀ. ਸਟੀਲ ਦੀ ਬਰਾਮਦ ਕਰਦਾ ਹੈ। ਉੱਥੇ ਹੀ ਯੂਕ੍ਰੇਨ ਦੀ ਗਲੋਬਲ ਸਟੀਲ ਬਰਾਮਦ ’ਚ ਹਿੱਸੇਦਾਰੀ 6 ਫੀਸਦੀ ਦੇ ਕਰੀਬ ਹੈ। ਇਸ ਸੰਕਟ ਕਾਰਨ ਘਰੇਲੂ ਅਤੇ ਬਰਾਮਦ ਕੀਮਤਾਂ ਵਧਣ ਦਾ ਅਨੁਮਾਨ ਹੈ। ਹਾਲਾਂਕਿ ਕੀਮਤਾਂ ਵਧਣ ਨਾਲ ਮਾਰਜਨ ’ਚ ਸੁਧਾਰ ਸੰਭਵ ਹੈ।

ਇਹ ਵੀ ਪੜ੍ਹੋ : ਯੂਕ੍ਰੇਨ-ਰੂਸ ਜੰਗ ਦਰਮਿਆਨ ਵਧ ਸਕਦੀਆਂ ਨੇ ਬੀਅਰ ਦੀਆਂ ਕੀਮਤਾਂ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News