ਲਗਜ਼ਰੀ ਕਾਰ ਦੀ ਘੱਟ ਵਿਕਰੀ ਲਈ SIP 'ਚ ਹੋ ਰਹੇ ਨਿਵੇਸ਼ ਨੂੰ ਜ਼ਿੰਮੇਵਾਰ ਦੱਸ ਕੇ ਫਸੇ ਮਰਸੀਡੀਜ਼ ਦੇ CEO ਸੰਤੋਸ਼ ਅਈਅਰ
Monday, Nov 28, 2022 - 06:52 PM (IST)
ਮੁੰਬਈ - ਭਾਰਤ ਵਿਚ ਆਮ ਲੋਕਾਂ ਵਲੋਂ ਮਿਊਚਲ ਫੰਡ ਦੇ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ (ਸਿਪ) ਵਿਚ ਕੀਤੇ ਜਾ ਰਹੇ ਨਿਵੇਸ਼ ਨੂੰ ਮਰਸੀਡੀਜ਼ ਇੰਡੀਆ ਦੇ ਸੇਲਸ ਅਤੇ ਮਾਰਕੀਟਿੰਗ ਹੈੱਡ ਸੰਤੋਸ਼ ਅਈਅਰ ਵਲੋਂ ਕੰਪਨੀ ਦੀ ਘੱਟ ਵਿਕਰੀ ਲਈ ਜ਼ਿੰਮੇਵਾਰ ਦੱਸੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸ ਬਿਆਨ ਨੂੰ ਲੈ ਕੇ ਆਮ ਲੋਕਾਂ ਨੇ ਮਰਸੀਡੀਜ਼ ਇੰਡੀਆ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸੰਤੋਸ਼ ਅਈਅਰ ਦਾ ਇਹ ਬਿਆਨ ਟਾਈਮਸ ਆਫ ਇੰਡੀਆ ਅਖਬਾਰ ਵਿਚ ਛਪਿਆ ਹੈ। ਇਸ ਬਿਆਨ ਤੋਂ ਬਾਅਦ ਟਵਿੱਟਰ ’ਤੇ ਯੂਜ਼ਰ ਮਰਸੀਡੀਜ਼ ਇੰਡੀਆ ਖਿਲਾਫ ਜੰਮ ਕੇ ਭੜਾਸ ਕੱਢ ਰਹੇ ਹਨ। ਕੁੱਝ ਲੋਕਾਂ ਨੇ ਅਈਅਰ ਦੇ ਬਿਆਨ ਨੂੰ ਕੰਪਨੀ ਦੀ ਨਾਕਾਮੀ ਦੱਸਿਆ ਹੈ। ਜਦਕਿ ਕੁੱਝ ਲੋਕ ਕਹਿ ਰਹੇ ਹਨ ਕਿ ਮਰਸੀਡੀਜ਼ ਇੰਡੀਆ ਭਾਰਤ ਦੇ ਲੋਕਾਂ ਵਲੋਂ ਸਿੱਪ ਵਿਚ ਕੀਤੇ ਜਾ ਰਹੇ ਨਿਵੇਸ਼ ਨੂੰ ਈ. ਐੱਮ. ਆਈ. ਵਿਚ ਤਬਦੀਲ ਕਰਨਾ ਚਾਹੁੰਦਾ ਹੈ। ਆਓ ਦੇਖਦੇ ਹਾਂ ਕਿ ਟਵਿੱਟਰ ’ਤੇ ਕਿਸ ਯੂਜ਼ਰ ਨੇ ਇਸ ਮਾਮਲੇ ’ਤੇ ਕੀ ਟਿੱਪਣੀ ਕੀਤੀ ਹੈ।
ਸੋਸ਼ਲ ਮੀਡੀਆ ’ਤੇ ਲੋਕਾਂ ਨੇ ਕੰਪਨੀ ਖ਼ਿਲਾਫ਼ ਜਮ ਕੇ ਕੱਢੀ ਭੜਾਸ
ਮਰਸੀਡੀਜ਼ ਬੈਂਜ਼ ਨੂੰ ਭਾਰਤੀਆਂ ਵਲੋਂ ਸ਼ੁਰੂ ਕੀਤੇ ਗਏ ਐੱਸ. ਆਈ. ਪੀ. ਸੱਭਿਆਚਾਰ ਨਾਲ ਤਕਲੀਫ ਹੋ ਰਹੀ ਹੈ। ਦਰਅਸਲ ਉਹ ਚਾਹੁੰਦੇ ਹਨ ਕਿ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਦਾਅ ’ਤੇ ਲਗਾ ਦਈਏ ਅਤੇ ਮਰਸੀਡੀਜ਼ ਖਰੀਦ ਲਈਏ। ਇਹ ਸਹੀ ਨਹੀਂ ਹੈ। ਮੇਰੇ ਦੋਸਤੋ ਐੱਸ. ਆਈ. ਪੀ. ਵਿਚ ਨਿਵੇਸ਼ ਕਰਦੇ ਰਹੋ ਅਤੇ ਹੋ ਸਕੇ ਤਾਂ ਇਸ ਨੂੰ ਵਧਾ ਦਿਓ।
-ਨੀਲ ਬਹਿਲ
ਸੰਤੋਸ਼ ਅਈਅਰ ਨੇ ਆਪਣੇ ਸ਼ੋਅ ਰੂਮ ਸੇਲਜ਼ ਸਟਾਫ ਦੀ ਨਾਕਾਮੀ ਦਾ ਭਾਂਡਾ ਐੱਸ. ਆਈ. ਪੀ. ’ਤੇ ਭੰਨ੍ਹ ਦਿੱਤਾ ਹੈ। ਮੈਨੂੰ ਨਹੀਂ ਲੱਗਦਾ ਕਿ ਮਰਸੀਡੀਜ਼ ਦਾ ਖਰੀਦਦਾਰ ਐੱਸ. ਆਈ. ਪੀ. ਜਾਂ ਪ੍ਰਾਪਰਟੀ ਵਿਚ ਨਿਵੇਸ਼ ਕਰਨ ਵਾਲਾ ਹੋ ਸਕਦਾ ਹੈ।
- ਜੀ. ਡੀ. ਪੀ. ਆਈ. ਸ਼੍ਰੀ
ਸੰਤੋਸ਼ ਅਈਅਰ ਨੂੰ ਪੀਜ਼ਾ ਅਤੇ ਬਰਗਰ ਦੀ ਵਿਕਰੀ ਨੂੰ ਲੈ ਕੇ ਚਿੰਤੁਤ ਹੋਣਾ ਚਾਹੀਦਾ ਹੈ ਨਾ ਕਿ ਐੱਸ. ਆਈ. ਪੀ. ਵਿਚ ਕੀਤੇ ਜਾ ਰਹੇ ਨਿਵੇਸ਼ ਨੂੰ ਲੈ ਕੇ। ਐੱਸ. ਆਈ. ਪੀ. ਵਿਚ ਅੱਜ ਕੀਤਾ ਜਾ ਰਿਹਾ ਨਿਵੇਸ਼ ਭਵਿੱਖ ਵਿਚ ਕੰਪਨੀ ਦੀ ਵਿਕਰੀ ਵਿਚ ਕਈ ਗੁਣਾਂ ਵਾਧਾ ਕਰ ਦੇਵੇਗਾ ਪਰ ਇਸ ਲਈ ਸਬਰ ਕਿਸ ਕੋਲ ਹੈ। ਸਬਰ ਸਿਰਫ ਐੱਸ. ਆਈ. ਪੀ. ਵਿਚ ਨਿਵੇਸ਼ ਕਰਨ ਵਾਲੇ ਕੋਲ ਹੀ ਹੋ ਸਕਦਾ ਹੈ।
ਕੇਤਨ ਆਰ
ਭਾਰਤ ਵਿਚ ਮਰਸੀਡੀਜ਼ ਬੈਂਜ਼ ਦੇ ਪ੍ਰਬੰਧਕ ਚਾਹੁੰਦੇ ਹਨ ਕਿ ਤੁਸੀਂ ਆਪਣੀ ਐੱਸ. ਆਈ. ਪੀ. ਨੂੰ ਈ. ਐੱਮ. ਆਈ. ਵਿਚ ਤਬਦੀਲ ਕਰ ਦਿਓ।
-ਏਕਾਂਸ਼ ਮਿੱਤਲ
ਐੱਸ. ਆਈ. ਪੀ. ਕੀਤਾ ਜਾ ਰਿਹਾ ਨਿਵੇਸ਼ ਲਗਜ਼ਰੀ ਕਾਰਾਂ ਦੀ ਵਿਕਰੀ ਨੂੰ ਖੋਰਾ ਲਗਾ ਰਿਹਾ ਹੈ। ਮੈਂ ਸੋਮਵਾਰ ਸਵੇਰੇ ਇਸ ਤਰ੍ਹਾਂ ਦੀਆਂ ਹੀ ਸੁਰਖੀਆਂ ਪੜ੍ਹਨਾ ਚਾਹੁੰਗਾ। ਵਿੱਤ ਮੰਤਰੀ ਵਲੋਂ ਲੋਕ ਸਭਾ ਵਿਚ ਜ਼ਿਕਰ ਕੀਤੇ ਜਾਣ ਤੋਂ ਲੈ ਕੇ ਸ਼ੇਅਰ ਬਾਜ਼ਾਰ ਨੂੰ ਐੱਸ. ਆਈ. ਪੀ. ਨਿਵੇਸ਼ਕਾਂ ਵਲੋਂ ਦਿੱਤੀ ਜਾ ਰਹੀ ਮਜ਼ਬੂਤੀ ਅਤੇ ਖਰਾਬ ਪ੍ਰਦਰਸ਼ਨ ਕਰਨ ਵਾਲੇ ਆਈ. ਪੀ. ਓ. ਵਿਚ ਨਿਵੇਸ਼ ਨਾ ਕਰਨ ਦੀਆਂ ਸੁਰਖੀਆਂ ਤੋਂ ਬਾਅਦ ਹੁਣ ਇਹ ਖ਼ਬਰ। ਬਹੁਤ ਵਧੀਆ ਕਰ ਰਹੇ ਹੋ ਰਿਟੇਲ ਨਿਵੇਸ਼ਕੋ ਤੁਹਾਨੂੰ ਸਲਾਮ ਹੈ।
ਅਰਵਿੰਦ ਬਾਂਸਲ
ਮਰਸੀਡੀਜ਼ ਦਾ ਗ੍ਰਾਹਕ ਐੱਸ. ਆਈ. ਪੀ. ਦਾ ਗ੍ਰਾਹਕ ਨਹੀਂ ਹੈ। ਮਰਸੀਡੀਜ਼ ਦੇ ਗ੍ਰਾਹਕ ਕੋਲ ਧਨ ਹੈ ਅਤੇ ਅਜਿਹੀ ਕਈ ਤਰ੍ਹਾਂ ਦੀ ਆਮਦਨ ਹੈ ਜਿਸ ਨਾਲ ਉਹ ਮਰਸੀਡੀਜ਼ ਖਰੀਦ ਸਕਦਾ ਹੈ। ਉਸ ਦਾ ਪ੍ਰੋਫਾਈਲ ਬਿਲਕੁਲ ਅਲਗ ਹੈ।
ਅਰਵਿੰਦ ਦੱਤਾ
ਮਰਸੀਡੀਜ਼ ਦੇ ਪ੍ਰਬੰਧਕ ਸਿੱਪ ਨੂੰ ਲੈ ਕੇ ਬਿਨ੍ਹਾ ਵਜ੍ਹਾ ਦਾ ਹੱਲਾ ਕਰ ਰਹੇ ਹਨ। ਉਨ੍ਹਾਂ ਨੇ ਧੂੰਆਂ ਦੇਖ ਲਿਆ ਹੈ ਅਤੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਜਵਾਲਾਮੁਖੀ ਫਟ ਗਿਆ ਹੈ।
-ਚਤਨਯਾ ਗਿਰੀ
ਬਹੁਤੇ ਫੰਡ ਮੈਨੇਜਰ ਨਿਵੇਸ਼ਕਾਂ ਨੂੰ ਇਹ ਸਲਾਹ ਦਿੰਦੇ ਹਨ ਕਿ ਉਹ ਐੱਸ. ਆਈ. ਪੀ. ਸ਼ੁਰੂ ਕਰਨ ਤਾਂ ਕਿ ਉਹ ਇੰਨਾ ਧਨ ਇਕੱਠਾ ਕਰ ਸਕਣ ਜਿਸ ਨਾਲ ਉਹ ਮਰਸੀਡੀਜ਼ ਵਰਗੀ ਲਗਜ਼ਰੀ ਕਾਰ ਖਰੀਦ ਸਕਦੇ ਹਨ ਅਤੇ ਇਸ ਦੇ ਉਲਟ ਮਰਸੀਡੀਜ਼ ਕਹਿ ਰਹੀ ਹੈ ਕਿ ਐੱਸ. ਆਈ. ਪੀ. ਉਨ੍ਹਾਂ ਦੀ ਵਿਕਰੀ ਨੂੰ ਰੋਕ ਰਹੀ ਹੈ।
-ਪੰਕਜ ਮਥਪਾਲ
ਮਰਸੀਡੀਜ਼ ਦੇ ਸੀ. ਈ. ਓ. ਇਨ੍ਹਾਂ ਕਾਰਾਂ’ਤੇ ਲਗਾਏ ਜਾ ਰਹੇ ਭਾਰੀ ਟੈਕਸ ਦਾ ਮੁੱਦਾ ਕਿਉਂ ਨਹੀਂ ਚੁੱਕਦੇ। ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਐੱਸ. ਆਈ. ਪੀ. ਵਿਚ ਕੀਤੇ ਜਾ ਰਹੇ ਨਿਵੇਸ਼ ਨੂੰ ਤੋੜਨਾ ਇੰਨਾ ਆਸਾਨ ਹੈ।
-ਅੰਕਿਤ
ਕੀ ਕਿਹਾ ਸੀ ਸੰਤੋਸ਼ ਅਈਅਰ ਨੇ
ਮਰਸਿਡੀਜ਼ ਬੈਂਜ਼ ਇੰਡੀਆ ਦੇ ਸੇਲਸ ਐਂਡ ਮਾਰਕੀਟਿੰਗ ਹੈੱਡ ਸੰਤੋਸ਼ ਅਈਅਰ ਦਾ ਕਹਿਣਾ ਹੈ ਭਾਰਤੀਆਂ ਦੀ ਬਚਤ ਕਰਨ ਦੀ ਆਦਤ ਕਾਰ ਦੀ ਵਿਕਰੀ 'ਚ ਰੁਕਾਵਟ ਬਣ ਰਹੀ ਹੈ। ਭਾਰਤ ਅਰਬ ਪਤੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਦੇਸ਼ ਹੈ ਪਰ ਇਸ ਦੇ ਬਾਵਜੂਦ ਭਾਰਤ ਵਿਚ ਲਗਜ਼ਰੀ ਕਾਰਾਂ ਦੀ ਵਿਕਰੀ ਵਿਚ ਉਮੀਦ ਮੁਤਾਬਕ ਵਾਧਾ ਨਹੀਂ ਹੋਇਆ ਹੈ।ਇਸ ਦਾ ਕਾਰਣ ਭਾਰਤੀਆਂ ਵਲੋਂ ਮਿਊਚਲ ਫੰਡ ਦੀ ਐੱਸ. ਆਈ. ਪੀ. ਵਿਚ ਕੀਤਾ ਜਾ ਰਿਹਾ ਨਿਵੇਸ਼ ਹੈ। ਉਨ੍ਹਾਂ ਕਿਹਾ ਕਿ ਲੋਕ ਮਹੀਨੇ ਦੀ 50 ਹਜ਼ਾਰ ਦੀ ਐੱਸ. ਆਈ. ਪੀ. ਦੇ ਰਹੇ ਹਨ ਜਦਕਿ ਜੇਕਰ ਇਹ ਰਕਮ ਕਾਰ ਦੀ ਕਿਸ਼ਤ ਵਿਚ ਤਬਦੀਲ ਹੋ ਜਾਵੇ ਤਾਂ ਭਾਰਤ ਵਿਚ ਮਰਸੀਡੀਜ਼ ਬੈਂਜ ਦੀ ਵਿਕਰੀ ਵਿਚ ਵੱਡਾ ਵਾਧਾ ਹੋ ਸਕਦਾ ਹੈ। ਅਈਅਰ ਨੇ ਕਿਹਾ ਕਿ ਉਨ੍ਹਾਂ ਆਪਣੀ ਮਾਰਕੀਟਿੰਗ ਟੀਮ ਨੂੰ ਕਿਹਾ ਹੈ ਕਿ ਐੱਸ. ਆਈ. ਪੀ. ਉਨ੍ਹਾਂ ਦਾ ਸਭ ਤੋਂ ਵੱਡਾ ਮੁਕਾਬਲੇਬਾਜ਼ ਹੈ ਜੇਕਰ ਅਸੀਂ ਲੋਕਾਂ ਦੀ ਐੱਸ. ਆਈ. ਪੀ. ਵਿਚ ਨਿਵੇਸ਼ ਕਰਨ ਦੀ ਆਦਤ ਨੂੰ ਤੋੜ ਦਿੰਦੇ ਹਾਂ ਤਾਂ ਮਰਸੀਡੀਜ਼ ਬੈਂਜ਼ ਦੀ ਵਿਕਰੀ ਵਿਚ ਵਾਧਾ ਦਰਜ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਦੇ ਬਾਅਦ ਭਾਰਤ ਅੰਦਰ ਲੋਕਾਂ ਦੇ ਰੱਵੀਏ ਵਿਚ ਪੈਸੇ ਦੀ ਬਚਤ ਨੂੰ ਲੈ ਕੇ ਕਾਫ਼ੀ ਤਬਦੀਲੀ ਆਈ ਹੈ। ਸ਼ੇਅਰ ਬਾਜ਼ਾਰ ਵਿਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਮੋਬਾਇਲ ਆਧਾਰਤ ਐਪਲੀਕੇਸ਼ਨਾਂ ਲੋਕਾਂ ਨੂੰ ਅਸਾਨੀ ਨਾਲ ਨਿਵੇਸ਼ ਕਰਨ ਦੇ ਰਸਤੇ ਮੁਹੱਈਆ ਕਰਵਾ ਰਹੀਆਂ ਹਨ। ਜਿਸ ਕਾਰਣ ਭਾਰਤ ਵਿਚ ਐੱਸ. ਆਈ. ਪੀ. ਵਿਚ ਨਿਵੇਸ਼ ਲਗਾਤਾਰ ਵੱਧ ਰਿਹਾ ਹੈ। ਅਈਅਰ ਨੇ ਕਿਹਾ ਕਿ ਭਾਰਤ ਵਿਚ ਹਰ ਮਹੀਨੇ 15 ਹਜ਼ਾਰ ਲੋਕ ਮਰਸੀਡੀਜ਼ ਬਾਰੇ ਪੁੱਛਗਿੱਛ ਕਰਦੇ ਹਨ ਅਤੇ ਇਨ੍ਹਾਂ ਵਿਚੋਂ ਸਿਰਫ 1500 ਲੋਕ ਹੀ ਮਰਸੀਡੀਜ਼ ਖਰੀਦਦੇ ਹਨ। ਇਸ ਦਾ ਮਤਲਬ ਹੈ ਕਿ 13500 ਲੋਕ ਅਜੇ ਵੀ ਮਰਸੀਡੀਜ਼ ਕਾਰ ਖਰੀਦਣ ਦੀ ਚਾਹਤ ਰੱਖਦੇ ਹਨ ਪਰ ਉਹ ਆਪਣੀ ਇਸ ਚਾਹਤ ਨੂੰ ਪਰੇ ਰੱਖ ਕੇ ਮਿਊਚਲ ਫੰਡ ਵਿਚ ਨਿਵੇਸ਼ ਕਰਨਾ ਬਿਹਤਰ ਸਮਝਦੇ ਹਨ। ਅਕਤੂਬਰ ਵਿਚ ਭਾਰਤ ਦੇ ਲੋਕਾਂ ਨੇ ਐੱਸ. ਆਈ. ਪੀ. ਵਿਚ 13 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜਦਕਿ ਇਸ ਤੋਂ ਪਹਿਲਾਂ ਕੁੱਝ ਮਹੀਨੇ ਸਿੱਪ ਵਿਚ ਭਾਰਤੀਆਂ ਦਾ ਨਿਵੇਸ਼ 12 ਹਜ਼ਾਰ ਕਰੋੜ ਤੋਂ ਪਾਰ ਜਾਂਦਾ ਰਿਹਾ ਹੈ।