ਮਰਸਡੀਜ਼-ਬੈਂਜ਼ ਦੀ ਵਿਕਰੀ ਪਹਿਲੀ ਛਿਮਾਹੀ ''ਚ 1.5 ਕਰੋੜ ਰੁਪਏ ਤੋਂ ਵੱਧ ਦੀਆਂ ਗੱਡੀਆਂ ਦਾ ਰਿਹਾ ਦਬਦਬਾ
Tuesday, Jul 11, 2023 - 03:05 PM (IST)

ਨਵੀਂ ਦਿੱਲੀ (ਭਾਸ਼ਾ) - ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼-ਬੈਂਜ਼ ਦੀ ਭਾਰਤ ਵਿੱਚ ਵਿਕਰੀ 2023 ਦੀ ਪਹਿਲੀ ਛਿਮਾਹੀ 'ਚ ਸਾਲ-ਦਰ-ਸਾਲ 13 ਫ਼ੀਸਦੀ ਵਧ ਕੇ 8,528 ਇਕਾਈ 'ਤੇ ਪਹੁੰਚ ਗਈ। ਇਹ ਕੰਪਨੀ ਦੀ ਦੇਸ਼ ਵਿੱਚ ਸਭ ਤੋਂ ਚੰਗੀ ਛਿਮਾਹੀ ਵਿਕਰੀ ਹੈ। ਮਰਸਡੀਜ਼-ਬੈਂਜ਼ ਇੰਡੀਆ ਨੇ ਜਨਵਰੀ-ਜੂਨ 2022 ਦੀ ਮਿਆਦ 'ਚ 7,573 ਕਾਰਾਂ ਵੇਚੀਆਂ ਸਨ।
ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ 2023 ਦੀ ਪਹਿਲੀ ਛਿਮਾਹੀ 'ਚ ਟਾਪ ਐਂਡ (TEV) ਭਾਵ 1.5 ਕਰੋੜ ਰੁਪਏ ਤੋਂ ਵੱਧ ਕੀਮਤ ਵਾਲੇ ਵਾਹਨਾਂ ਦੀ ਬਹੁਤ ਜ਼ਿਆਦਾ ਮੰਗ ਵੇਖਣ ਨੂੰ ਮਿਲੀ ਹੈ। ਪਹਿਲੀ ਛਿਮਾਹੀ 'ਚ ਕੰਪਨੀ ਦੀ 1.5 ਕਰੋੜ ਰੁਪਏ ਤੋਂ ਜ਼ਿਆਦਾ ਕੀਮਤ ਦੇ ਵਾਹਨਾਂ ਦੀ ਵਿਕਰੀ 54 ਫ਼ੀਸਦੀ ਵਧ ਕੇ 2,000 ਇਕਾਈ ਹੋ ਗਈ। ਕੰਪਨੀ ਨੇ ਕਿਹਾ ਕਿ ਪਹਿਲੇ ਅੱਧ ਵਿੱਚ ਵੇਚੇ ਗਏ ਹਰ ਚਾਰ ਮਰਸਡੀਜ਼-ਬੈਂਜ਼ ਵਾਹਨਾਂ ਵਿੱਚੋਂ ਇੱਕ ਟੀਈਵੀ ਹਿੱਸੇ ਦੀ ਸੀ। ਚਾਲੂ ਕੈਲੰਡਰ ਸਾਲ ਦੀ ਦੂਜੀ ਤਿਮਾਹੀ 'ਚ ਕੰਪਨੀ ਦੀ ਵਿਕਰੀ ਅੱਠ ਫ਼ੀਸਦੀ ਵਧ ਕੇ 3,831 ਯੂਨਿਟ ਰਹੀ ਹੈ। ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ 3,551 ਯੂਨਿਟ ਸੀ।
ਕੰਪਨੀ ਨੇ ਕਿਹਾ ਕਿ ਇਹ ਦੂਜੀ ਤਿਮਾਹੀ ਲਈ ਹੁਣ ਤੱਕ ਦਾ ਸਭ ਤੋਂ ਵੱਧ ਵਿਕਰੀ ਅੰਕੜਾ ਹੈ। ਮਰਸਡੀਜ਼-ਬੈਂਜ਼ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੰਤੋਸ਼ ਅਈਅਰ ਨੇ ਪੀਟੀਆਈ ਨੂੰ ਦੱਸਿਆ, “ਟੀਈਵੀ ਖੇਤਰ ਵਿੱਚ 54 ਫ਼ੀਸਦੀ ਵਾਧਾ ਬਹੁਤ ਮਜ਼ਬੂਤ ਹੈ। ਅਸੀਂ ਇਸ ਸਾਲ TEV ਸੈਗਮੈਂਟ ਵਿੱਚ ਪੰਜ ਨਵੇਂ ਉਤਪਾਦ ਲਾਂਚ ਕੀਤੇ ਹਨ। ਇਸ ਹਿੱਸੇ 'ਤੇ ਧਿਆਨ ਕੇਂਦਰਿਤ ਕਰਨ ਨਾਲ ਯਕੀਨੀ ਤੌਰ 'ਤੇ ਸਾਨੂੰ ਹੋਰ ਅੱਗੇ ਵਧਣ ਵਿੱਚ ਮਦਦ ਮਿਲੀ ਹੈ।