ਪੇਟੈਂਟ ਮੁਕਤ 500 ਤੋਂ ਵੱਧ ਦਵਾਈਆਂ ਨੂੰ 50 ਤੋਂ 80 ਫ਼ੀਸਦੀ ਛੋਟ ਨਾਲ ਵੇਚੇਗੀ ਮੈਡਪਲੱਸ
Thursday, Jun 22, 2023 - 10:28 AM (IST)
ਹੈਦਰਾਬਾਦ (ਭਾਸ਼ਾ) - ਫਾਰਮੇਸੀ ਚੇਨ ਚਲਾਉਣ ਵਾਲੀ ਮੈਡਪਲੱਸ ਹੈਲਥ ਸਰਵਿਸਿਜ਼ ਲਿਮਟਿਡ ਪੇਟੈਂਟ ਮੁਕਤ 500 ਤੋਂ ਵੱਧ ਕਲੀਨੀਕਲ ਅਤੇ ਪੁਰਾਣੀਆਂ ਬੀਮਾਰੀਆਂ ਦੀਆਂ ਦਵਾਈਆਂ ਆਪਣੇ ਬ੍ਰਾਂਡ ਦੇ ਅਧੀਨ 50 ਤੋਂ 80 ਫ਼ੀਸਦੀ ਦੀ ਭਾਰੀ ਛੋਟ ’ਤੇ ਵੇਚੇਗੀ। ਮੈਡਪਲੱਸ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਜੀ. ਮਧੁਕਰ ਰੈੱਡੀ ਨੇ ਕਿਹਾ ਕਿ ਕੰਪਨੀ ਨੇ ਗਾਹਕਾਂ ਨੂੰ ਲਾਭ ਪਹੁੰਚਾਉਣ ਲਈ ਬਿਨਾਂ ਪੇਟੈਂਟ ਦੀਆਂ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਦੇ ਉਤਪਾਦਨ ਲਈ ਕਈ ਮਸ਼ਹੂਰ ਨਿਰਮਾਣ ਇਕਾਈਆਂ ਨਾਲ ਸਮਝੌਤਾ ਕੀਤਾ ਹੈ। ਰੈੱਡੀ ਨੇ ਕਿਹਾ ਕਿ ਮੈਡਪਲੱਸ 500 ਤੋਂ ਵੱਧ ਕਲੀਨੀਕਲ ਅਤੇ ਪੁਰਾਣੀਆਂ ਬੀਮਾਰੀਆਂ ਦੀਆਂ ਦਵਾਈਆਂ ’ਤੇ ਸ਼ੁਰੂਆਤ ’ਚ ਛੋਟ ਮੁਹੱਈਆ ਕਰੇਗੀ ਅਤੇ ਬਾਅਦ ’ਚ ਅਗਲੇ ਤਿੰਨ ਮਹੀਨਿਆਂ ’ਚ ਇਹ ਛੋਟ 800 ਤੋਂ ਵੱਧ ਉਤਪਾਦਾਂ ’ਤੇ ਮੁਹੱਈਆ ਕੀਤੀ ਜਾਏਗੀ।