ਤਿਉਹਾਰੀ ਸੀਜ਼ਨ ਦੌਰਾਨ ਮਾਰੂਤੀ ਸੁਜ਼ੂਕੀ ਨੂੰ ਝਟਕਾ, ਉਮੀਦ ਮੁਤਾਬਕ ਨਹੀਂ ਹੋ ਰਹੀ ਵਿਕਰੀ
Monday, Nov 01, 2021 - 05:37 PM (IST)
ਨਵੀਂ ਦਿੱਲੀ - ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (MSI) ਨੇ ਸੋਮਵਾਰ ਨੂੰ ਕਿਹਾ ਕਿ ਅਕਤੂਬਰ 2021 'ਚ ਉਸ ਦੀ ਵਿਕਰੀ 24 ਫੀਸਦੀ ਘੱਟ ਕੇ 1,38,335 ਯੂਨਿਟ ਰਹਿ ਗਈ ਹੈ। MSI ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਪਿਛਲੇ ਸਾਲ ਅਕਤੂਬਰ ਵਿੱਚ 1,82,448 ਯੂਨਿਟ ਵੇਚੇ ਸਨ। ਕੰਪਨੀ ਨੇ ਕਿਹਾ ਕਿ ਉਸ ਦੀ ਘਰੇਲੂ ਵਿਕਰੀ ਅਕਤੂਬਰ 2020 ਦੇ 1,72,862 ਯੂਨਿਟ ਦੇ ਮੁਕਾਬਲੇ ਪਿਛਲੇ ਮਹੀਨੇ 32 ਫੀਸਦੀ ਘੱਟ ਕੇ 1,17,013 ਇਕਾਈ ਰਹਿ ਗਈ। ਮਾਰੂਤੀ ਸੁਜ਼ੂਕੀ ਨੇ ਕਿਹਾ, "ਸਮੀਖਿਆ ਅਧੀਨ ਮਹੀਨੇ ਦੌਰਾਨ, ਇਲੈਕਟ੍ਰਾਨਿਕ ਪੁਰਜ਼ਿਆਂ ਦੀ ਕਮੀ ਕਾਰਨ ਵਾਹਨਾਂ ਦਾ ਨਿਰਮਾਣ ਪ੍ਰਭਾਵਿਤ ਹੋਇਆ, ਹਾਲਾਂਕਿ ਕੰਪਨੀ ਨੇ ਇਸਦੇ ਪ੍ਰਭਾਵ ਨੂੰ ਘੱਟ ਕਰਨ ਲਈ ਹਰ ਸੰਭਵ ਉਪਾਅ ਕੀਤੇ।"
ਹਿੰਦੂਜਾ ਗਰੁੱਪ ਦੀ ਪ੍ਰਮੁੱਖ ਫਰਮ ਅਸ਼ੋਕ ਲੇਲੈਂਡ ਨੇ ਕਿਹਾ ਕਿ ਅਕਤੂਬਰ 'ਚ ਕੁੱਲ ਵਪਾਰਕ ਵਾਹਨਾਂ ਦੀ ਵਿਕਰੀ 11 ਫੀਸਦੀ ਵਧ ਕੇ 11,079 ਇਕਾਈ ਹੋ ਗਈ। ਅਸ਼ੋਕ ਲੇਲੈਂਡ ਨੇ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ਕੁੱਲ 9,989 ਯੂਨਿਟਸ ਵੇਚੇ ਸਨ। ਕੰਪਨੀ ਨੇ ਕਿਹਾ ਕਿ ਉਸ ਦੀ ਕੁੱਲ ਘਰੇਲੂ ਵਿਕਰੀ 13 ਫੀਸਦੀ ਵਧ ਕੇ 10,043 ਯੂਨਿਟ ਹੋ ਗਈ ਹੈ।