ਤਿਉਹਾਰ ਬੀਤੇ, ਨਵੰਬਰ ਮਹੀਨੇ ’ਚ ਮਾਰੂਤੀ ਸੁਜ਼ੂਕੀ ਦੀ ਵਿਕਰੀ 1.9 ਫੀਸਦੀ ਡਿੱਗੀ

12/02/2019 1:32:03 AM

ਨਵੀਂ ਦਿੱਲੀ (ਭਾਸ਼ਾ)-ਅਕਤੂਬਰ ਦਾ ਤਿਉਹਾਰਾਂ ਨਾਲ ਭਰਿਆ ਮਹੀਨਾ ਖਤਮ ਹੋਣ ਤੋਂ ਬਾਅਦ ਗੱਡੀਆਂ ਦੀ ਵਿਕਰੀ ’ਤੇ ਫਿਰ ਬ੍ਰੇਕ ਜਿਹੀ ਲੱਗ ਗਈ ਹੈ। ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਵਿਕਰੀ ਨਵੰਬਰ ਮਹੀਨੇ ’ਚ 1.9 ਫੀਸਦੀ ਡਿੱਗ ਕੇ 1,50,630 ਇਕਾਈਆਂ ’ਤੇ ਆ ਗਈ। ਕੰਪਨੀ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਸਾਲ ਨਵੰਬਰ ’ਚ ਉਸ ਨੇ 1,53,539 ਇਕਾਈਆਂ ਦੀ ਵਿਕਰੀ ਕੀਤੀ ਸੀ। ਕੰਪਨੀ ਨੇ ਕਿਹਾ ਕਿ ਸਮੀਖਿਆ ਅਧੀਨ ਮਹੀਨੇ ਦੌਰਾਨ ਉਸ ਦੀ ਘਰੇਲੂ ਵਿਕਰੀ ਪਿਛਲੇ ਸਾਲ ਦੀ 1,46,018 ਇਕਾਈਆਂ ਦੀ ਤੁਲਨਾ ’ਚ 1.6 ਫੀਸਦੀ ਡਿੱਗ ਕੇ ਇਸ ਸਾਲ 1,43,686 ਇਕਾਈਆਂ ’ਤੇ ਆ ਗਈ।

ਇਸ ਦੌਰਾਨ ਆਲਟੋ ਅਤੇ ਵੈਗਨਾਰ ਸਮੇਤ ਮਿੰਨੀ ਸ਼੍ਰੇਣੀ ਦੇ ਵਾਹਨਾਂ ਦੀ ਵਿਕਰੀ 29,954 ਇਕਾਈਆਂ ਤੋਂ 12.2 ਫੀਸਦੀ ਘੱਟ ਹੋ ਕੇ 26,306 ਇਕਾਈਆਂ ’ਤੇ ਆ ਗਈ। ਹਾਲਾਂਕਿ ਇਸ ਦੌਰਾਨ ਸਵਿਫਟ, ਸਲੇਰੀਓ, ਇਗਨਿਸ, ਬਲੇਨੋ ਅਤੇ ਡਿਜ਼ਾਇਰ ਸਮੇਤ ਕੰਪੈਕਟ ਸ਼੍ਰੇਣੀ ਦੀ ਵਿਕਰੀ 7.6 ਫੀਸਦੀ ਵਧ ਕੇ 78,013 ਇਕਾਈਆਂ ’ਤੇ ਪਹੁੰਚ ਗਈ। ਮੱਧ ਆਕਾਰ ਦੀ ਸੇਡਾਨ ਵਾਹਨ ਸਿਆਜ਼ ਦੀ ਵਿਕਰੀ ਇਸ ਦੌਰਾਨ 3838 ਇਕਾਈਆਂ ਤੋਂ ਡਿੱਗ ਕੇ 1448 ਇਕਾਈਆਂ ’ਤੇ ਆ ਗਈ। ਵਿਟਾਰਾ ਬ੍ਰੇਜ਼ਾ, ਐੱਸ-ਕਰਾਸ ਅਤੇ ਅਰਟਿਗਾ ਸਮੇਤ ਯੂਟੀਲਿਟੀ ਵਾਹਨਾਂ ਦੀ ਵਿਕਰੀ 1.3 ਫੀਸਦੀ ਡਿੱਗ ਕੇ 23,204 ਇਕਾਈਆਂ ’ਤੇ ਆ ਗਈ।

ਟਾਟਾ ਮੋਟਰਸ ਦੇ ਵਾਹਨਾਂ ਦੀ ਕੁਲ ਵਿਕਰੀ 25.32 ਫੀਸਦੀ ਡਿੱਗ ਕੇ 41,124 ਇਕਾਈਆਂ ’ਤੇ ਆ ਗਈ। ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਦੀ ਕੁਲ ਵਿਕਰੀ 9 ਫੀਸਦੀ ਡਿੱਗ ਕੇ 41,235 ਇਕਾਈਆਂ ’ਤੇ ਆ ਗਈ।


Karan Kumar

Content Editor

Related News