ਮਾਰੂਤੀ ਦੇ ਸ਼ੌਕੀਨਾਂ ਲਈ ਗੁੱਡ ਨਿਊਜ਼, ਇਕ ਲੱਖ ਤਕ ਮਿਲ ਰਿਹੈ ਡਿਸਕਾਊਂਟ

09/16/2019 3:09:04 PM

ਨਵੀਂ ਦਿੱਲੀ— ਮਾਰੂਤੀ ਦੀ ਗੱਡੀ ਖਰੀਦਣ ਦੀ ਯੋਜਨਾ ਹੈ ਤਾਂ ਹੁਣ ਸ਼ਾਨਦਾਰ ਮੌਕਾ ਹੈ, ਫਿਰ ਸ਼ਾਇਦ ਇਹ ਦੁਬਾਰਾ ਨਾ ਮਿਲੇ। ਤਿਉਹਾਰੀ ਸੀਜ਼ਨ ਦੌਰਾਨ ਗਾਹਕਾਂ ਨੂੰ ਖਿੱਚਣ ਤੇ ਵਿਕਰੀ ਵਧਾਉਣ ਲਈ ਭਾਰਤ ਦੀ ਸਭ ਤੋਂ ਵੱਡੀ ਯਾਤਰੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਕਾਰਾਂ 'ਤੇ ਭਾਰੀ ਛੋਟ ਦੀ ਪੇਸ਼ਕਸ਼ ਕਰ ਰਹੀ ਹੈ।ਮਾਰੂਤੀ ਸੁਜ਼ੂਕੀ ਦੇਸ਼ ਦੀ ਟਾਪ ਕੰਪਨੀ ਹੈ, ਜੋ ਛੋਟੀ ਗੱਡੀ ਆਲਟੋ ਤੋਂ ਲੈ ਕੇ ਵਿਟਾਰਾ ਬ੍ਰੇਜ਼ਾ ਤਕ ਵੇਚਦੀ ਹੈ।

 

ਮਾਰੂਤੀ ਸੁਜ਼ੂਕੀ 'ਚ ਵਿਕਰੀ ਅਤੇ ਮਾਰਕੀਟਿੰਗ ਦੇ ਕਾਰਜਕਾਰੀ ਨਿਰਦੇਸ਼ਕ ਸ਼ਸ਼ਾਂਕ ਸ੍ਰੀਵਾਸਤਵ ਨੇ ਕਿਹਾ ਕਿ ਮਾਰੂਤੀ ਵੱਲੋਂ ਮੌਜੂਦਾ ਸਮੇਂ ਕਾਰਾਂ 'ਤੇ 40,000 ਤੋਂ ਲੈ ਕੇ 1,00,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।

ਕੰਪਨੀ ਖਪਤ ਦੀ ਮੰਗ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਰੂਤੀ ਮੁਤਾਬਕ, ਵਿਕਰੀ 'ਚ ਮੌਜੂਦਾ ਗਿਰਾਵਟ ਪਿੱਛੇ ਸਭ ਤੋਂ ਵੱਡਾ ਕਾਰਨ ਕੀਮਤਾਂ ਦਾ ਬਹੁਤ ਵੱਧ ਹੋਣਾ ਹੈ। ਸ਼ਸ਼ਾਂਕ ਸ੍ਰੀਵਾਸਤਵ ਨੇ ਕਿਹਾ ਕਿ ਗੱਡੀ ਖਰੀਦਣ ਦੀ ਲਾਗਤ ਨੂੰ ਘੱਟ ਕਰਨ ਲਈ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਬੀਤੇ ਸਾਲ ਇੰਸ਼ੋਰੈਂਸ ਮਹਿੰਗੀ ਹੋਣ ਦੇ ਨਾਲ-ਨਾਲ ਫਰਮਾਂ ਨੇ ਵੀ ਕਈ ਕਾਰਨਾਂ ਕਾਰਨ ਵਧੀ ਲਾਗਤ ਦਾ ਬੋਝ ਗਾਹਕਾਂ 'ਤੇ ਪਾ ਦਿੱਤਾ ਸੀ। ਇਸ ਤੋਂ ਇਲਾਵਾ ਫਾਈਨਾਂਸ 'ਚ ਦਿੱਕਤ ਕਾਰਨ ਵੀ ਵਿਕਰੀ ਪ੍ਰਭਾਵਿਤ ਹੋਈ।
ਤਿਉਹਾਰੀ ਸੀਜ਼ਨ ਵਾਹਨ ਨਿਰਮਾਤਾਵਾਂ ਲਈ ਕਾਫੀ ਮਹੱਤਵਪੂਰਨ ਹੈ ਕਿਉਂਕਿ ਇਹ ਵਾਹਨਾਂ ਦੀ ਕੁੱਲ ਸਾਲਾਨਾ ਵਿਕਰੀ ਦਾ ਤੀਜਾ ਹਿੱਸਾ ਹੁੰਦਾ ਹੈ। ਲਗਾਤਾਰ ਗਿਰਾਵਟ ਦਾ ਸਾਹਮਣਾ ਕਰ ਰਹੀ ਇੰਡਸਟਰੀ 'ਚ ਕਈ ਦਿੱਗਜਾਂ ਵੱਲੋਂ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਨਵਰਾਤਰੇ ਅਤੇ ਦੀਵਾਲੀ ਮੌਕੇ ਗਾਹਕਾਂ ਨੂੰ ਨਾਲ ਬਣਾਈ ਰੱਖਣ ਲਈ ਫਰਮਾਂ 'ਚ ਦੌੜ ਮਚਣ ਵਾਲੀ ਹੈ।ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮਾਰੂਤੀ ਦੀ ਵਿਕਰੀ ਸਾਲਾਨਾ ਆਧਾਰ 'ਤੇ 36 ਫੀਸਦੀ ਘੱਟ ਰਹੀ ਹੈ, ਇਸ ਦੌਰਾਨ ਉਸ ਦੇ 94,728 ਵਾਹਨ ਵਿਕੇ ਸਨ। ਜੁਲਾਈ 2017 ਮਗਰੋਂ ਇਹ ਤੀਜੀ ਵਾਰ ਹੈ ਜਦੋਂ ਉਸ ਦੀ ਵਿਕਰੀ ਕਿਸੇ ਮਹੀਨੇ 1,00,000 ਤੋਂ ਘੱਟ ਰਹੀ ਹੈ।


Related News