ਚੁਣੌਤੀਆਂ ਦੇ ਬਾਵਜੂਦ ਲੰਮੀ ਮਿਆਦ ’ਚ ਘਰੇਲੂ ਵਾਹਨ ਉਦਯੋਗ ਦੇ ਵਾਧੇ ਸਬੰਧੀ ਉਮੀਦਵਾਰ ਮਾਰੂਤੀ
Monday, Sep 28, 2020 - 11:05 AM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਕਿਹਾ ਹੈ ਕਿ ਚੁਣੌਤੀਆਂ ਦੇ ਬਾਵਜੂਦ ਉਹ ਲੰਮੀ ਮਿਆਦ ’ਚ ਘਰੇਲੂ ਵਾਹਨ ਉਦਯੋਗ ਦੇ ਵਾਧੇ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਉਮੀਦਵਾਰ ਹੈ। ਘਰੇਲੂ ਯਾਤਰੀ ਵਾਹਨ ਬਾਜ਼ਾਰ ’ਚ 50 ਫੀਸਦੀ ਹਿੱਸੇਦਾਰੀ ਰੱਖਣ ਵਾਲੀ ਕੰਪਨੀ ਨੇ ਕਿਹਾ ਕਿ ਅਰਥਵਿਵਸਥਾ ਦੀ ਹਾਲਤ ਅਤੇ ਵਾਹਨਾਂ ਦੀ ਮੰਗ ’ਚ ਨਜ਼ਦੀਕੀ ਸਬੰਧ ਹੁੰਦਾ ਹੈ।
ਮਾਰੂਤੀ ਸੁਜ਼ੂਕੀ ਦੇ ਕਾਰਜਕਾਰੀ ਨਿਰਦੇਸ਼ਕ (ਵਿਕਰੀ ਅਤੇ ਮਾਰਕੀਟਿੰਗ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ,‘‘ਜੇਕਰ ਤੁਸੀਂ ਲੰਮੀ ਮਿਆਦ ਲਈ ਵਾਹਨਾਂ ਦੀ ਮੰਗ ਨੂੰ ਵੇਖੋ ਤਾਂ ਨਿਸ਼ਚਿਤ ਰੂਪ ਨਾਲ ਇਹ ਅਰਥਵਿਵਸਥਾ ਦੀ ਮੂਲ ਬੁਨਿਆਦ ’ਤੇ ਨਿਰਭਰ ਕਰੇਗੀ। ਅਸੀਂ ਇਕ ਅਧਿਐਨ ਕੀਤਾ ਹੈ। ਪਿਛਲੇ 25-30 ਸਾਲ ਦੌਰਾਨ ਵਾਹਨਾਂ ਦੀ ਮੰਗ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਅਤੇ ਪ੍ਰਤੀ ਵਿਅਕਤੀ ਕਮਾਈ ਨਾਲ ਜੁਡ਼ੀ ਰਹੀ ਹੈ।’’ ਉਨ੍ਹਾਂ ਕਿਹਾ ਕਿ ਅਜਿਹੇ ’ਚ ਲੰਮੀ ਮਿਆਦ ’ਚ ਖੇਤਰ ਦਾ ਦ੍ਰਿਸ਼ ਆਰਥਿਕ ਵਾਧੇ ’ਤੇ ਨਿਰਭਰ ਕਰੇਗਾ। ਸ਼੍ਰੀਵਾਸਤਵ ਨੇ ਕਿਹਾ, ‘‘ਲੰਮੀ ਮਿਆਦ ’ਚ ਸਾਡਾ ਅਨੁਮਾਨ ਹੈ ਕਿ ਬਾਜ਼ਾਰ ਕਾਫੀ ਮਜ਼ਬੂਤ ਰਹੇਗਾ ਕਿਉਂਕਿ ਲੰਮੀ ਮਿਆਦ ’ਚ ਅਰਥਵਿਵਸਥਾ ਸਾਕਾਰਾਤਮਕ ਰਹੇਗੀ। ਅਸੀਂ ਵਾਧੇ ਨੂੰ ਲੈ ਕੇ ਸਾਕਾਰਾਤਮਕ ਹਾਂ। ਹਾਲਾਂਕਿ, ਲਘੂ ਮਿਆਦ ਲਈ ਇਸ ਦਾ ਅਨੁਮਾਨ ਲਾਉਣਾ ਮੁਸ਼ਕਲ ਹੈ।’’