ਮਾਰੂਤੀ ਨੂੰ ਚੌਥੀ ਤਿਮਾਹੀ ’ਚ 51 ਫੀਸਦੀ ਦਾ ਬੰਪਰ ਮੁਨਾਫਾ
Saturday, Apr 30, 2022 - 01:15 PM (IST)
ਨਵੀਂ ਦਿੱਲੀ (ਭਾਸ਼ਾ) – ਮਾਰੂਤੀ ਸੁਜ਼ੂਕੀ ਇੰਡੀਆ ਨੇ ਦੱਸਿਆ ਕਿ ਵਿੱਤੀ ਸਾਲ 2021-22 ਦੀ ਚੌਥੀ ਤਿਮਾਹੀ ’ਚ ਕੰਪਨੀ ਨੂੰ 51 ਫੀਸਦੀ ਬੰਪਰ ਮੁਨਾਫਾ ਹੋਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਨੂੰ ਕੱਚੇ ਮਾਲ ਦੀ ਵਧੀ ਲਾਗਤ ਅਤੇ ਗਲੋਬਲ ਸੈਮੀਕੰਡਕਟਰ ਦੀ ਕਮੀ ਦੇ ਬਾਵਜੂਦ ਇਹ ਲਾਭ ਹੋਇਆ ਹੈ। ਇਸ ਕਾਰਨ ਕੀਮਤਾਂ ’ਚ ਵਾਧਾ ਅਤੇ ਘੱਟ ਸੇਲਜ਼ ਪ੍ਰਮੋਸ਼ਨ ਕਾਸਟ ਵਰਗੇ ਫੈਸਲੇ ਹਨ।
ਭਾਰਤ ਦੀ ਸਭ ਤੋਂ ਵੱਡੀ ਕਾਰਨ ਨਿਰਮਾਤਾ ਨੇ ਜਨਵਰੀ-ਮਾਰਚ ਦਰਮਿਆਨ 1,839 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਹੈ। ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ 1,166 ਕਰੋੜ ਰੁਪਏ ਸੀ। ਕੰਪਨੀ ਨੇ ਜਨਵਰੀ 2021 ਤੋਂ ਅਪ੍ਰੈਲ 2022 ਤੱਕ ਕੀਮਤਾਂ ’ਚ 5 ਵਾਰ ਵਾਧਾ ਕੀਤਾ ਹੈ। ਮਾਰੂਤੀ ਭਾਰਤ ’ਚ ਹਰ ਦੂਜੀ ਕਾਰ ਵੇਚਦੀ ਹੈ ਅਤੇ ਜਾਪਾਨ ਦੀ ਸੁਜੂਕੀ ਮੋਟਰ ਕਾਰਪ ਦੀ ਮਲਕੀਅਤ ਵਾਲੀ ਕੰਪਨੀ ਹੈ।
ਗਾਹਕਾਂ ’ਤੇ ਨਹੀਂ ਪੈਣ ਦੇਵੇਗੀ ਜ਼ਿਆਦਾ ਪ੍ਰਭਾਵ
ਮਾਰੂਤੀ ਨੇ ਕਿਹਾ ਕਿ ਇਸ ਸਾਲ ਦੌਰਾਨ ਸਟੀਲ, ਐਲੂਮੀਨੀਅਮ ਅਤੇ ਕੀਮਤੀ ਧਾਤਾਂ ਵਰਗੀਆਂ ਵਰਗੀਆਂ ਵਸਤਾਂ ਦੀਆਂ ਕੀਮਤਾਂ ’ਚ ਕਾਫੀ ਵਾਧਾ ਦੇਖਿਆ ਗਿਆ। ਕੰਪਨੀ ਨੂੰ ਇਸ ਪ੍ਰਭਾਵ ਨੂੰ ਅੰਸ਼ਿਕ ਤੌਰ ’ਤੇ ਘੱਟ ਕਰਨ ਲਈ ਵਾਹਨਾਂ ਦੀਆਂ ਕੀਮਤਾਂ ’ਚ ਵਾਧਾ ਕਰਨ ਲਈ ਮਜਬੂਰ ਹੋਣਾ ਪਿਆ। ਮਾਰੂਤੀ ਨੇ ਕਿਹਾ ਿਕ ਉਹ ਗਾਹਕਾਂ ’ਤੇ ਪ੍ਰਭਾਵ ਘੱਟ ਕਰਨ ਲਈ ਲਾਗਤ ’ਚ ਕਮੀ ਦੇ ਯਤਨਾਂ ’ਤੇ ਕੰਮ ਕਰਨਾ ਜਾਰੀ ਰੱਖੇਗੀ।
ਘੱਟ ਵਿਕਰੀ ਤੋਂ ਬਾਅਦ ਵੀ ਵਧਿਆ ਮੁਨਾਫਾ
ਹੈਰਾਨੀ ਦੀ ਗੱਲ ਇਹ ਹੈ ਕਿ ਕੰਪਨੀ ਨੇ ਆਖਰੀ ਤਿਮਾਹੀ ਦੌਰਾਨ ਕੁੱਲ 4,88,830 ਕਾਰਾਂ ਵੇਚੀਆਂ ਹਨ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ 0.7 ਫੀਸਦੀ ਘੱਟ ਹੈ। ਉੱਥੇ ਹੀ ਇਸ ਦੌਰਾਨ ਕੰਪਨੀ ਦੀ ਘਰੇਲੂ ਬਾਜ਼ਾਰ ’ਚ ਵਿਕਰੀ 4,20,376 ਯੂਨਿਟ ਰਹੀ ਜੋ ਪਿਛਲੇ ਸਾਲ ਦੀ ਮਿਆਦ ਦੀ ਤੁਲਨਾ ’ਚ 8 ਫੀਸਦੀ ਘੱਟ ਹੈ। ਐਕਸਪੋਰਟ ਮਾਰਕੀਟ ’ਚ ਵਿਕਰੀ 68,454 ਇਕਾਈ ਰਹੀ ਜੋ ਕਿਸੇ ਵੀ ਤਿਮਾਹੀ ’ਚ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਹੈ। ਮਾਰੂਤੀ ਨੇ ਕਿਹਾ ਕਿ ਬੋਰਡ ਨੇ ਵਿੱਤੀ ਸਾਲ 2012 ਲਈ 60 ਰੁਪਏ ਪ੍ਰਤੀ ਸ਼ੇਅਰ ਦੇ ਅੰਤਮ ਲਾਭ ਅੰਸ਼ ਦੀ ਸਿਫਾਰਿਸ਼ ਕੀਤੀ ਹੈ।