ਸਕੌਚ ਦੀਆਂ ਕੀਮਤਾਂ ’ਚ ਕਟੌਤੀ ਨਾਲ ਬਦਲਿਆ ਬਾਜ਼ਾਰ, ਭਾਰਤੀ ਵ੍ਹਿਸਕੀ ਨੂੰ ਮਿਲ ਰਹੀ ਸਖਤ ਟੱਕਰ

Thursday, Oct 08, 2026 - 04:30 AM (IST)

ਸਕੌਚ ਦੀਆਂ ਕੀਮਤਾਂ ’ਚ ਕਟੌਤੀ ਨਾਲ ਬਦਲਿਆ ਬਾਜ਼ਾਰ, ਭਾਰਤੀ ਵ੍ਹਿਸਕੀ ਨੂੰ ਮਿਲ ਰਹੀ ਸਖਤ ਟੱਕਰ

ਬੈਂਗਲੁਰੂ - ਭਾਰਤ ’ਚ ਸਕੌਚ ਵ੍ਹਿਸਕੀ ਪੀਣ ਵਾਲਿਆਂ ਲਈ ਹੁਣ ਪਸੰਦੀਦਾ ਬ੍ਰਾਂਡ ਖਰੀਦਣਾ ਪਹਿਲਾਂ ਦੇ ਮੁਕਾਬਲੇ ਕੁਝ ਸਸਤਾ ਹੋ ਗਿਆ ਹੈ। ਸਕੌਚ ਦੀਆਂ ਕੀਮਤਾਂ ’ਚ ਗਿਰਾਵਟ ਨਾਲ ਵਿਦੇਸ਼ੀ ਅਤੇ ਭਾਰਤੀ ਪ੍ਰੀਮੀਅਮ ਵ੍ਹਿਸਕੀ ਵਿਚਾਲੇ ਕੀਮਤ ਦਾ ਫਰਕ ਘਟ ਰਿਹਾ ਹੈ। ਇਸ ਨਾਲ ਕੁਝ ਗਾਹਕ ਆਪਣੇ ਪੁਰਾਣੇ ਬ੍ਰਾਂਡ ਤੋਂ ਅੱਗੇ ਵਧ ਕੇ ਮਹਿੰਗੀ ਸਕੌਚ ਅਜ਼ਮਾਉਣ ’ਤੇ ਵਿਚਾਰ ਕਰ ਰਹੇ ਹਨ, ਉੱਥੇ ਹੀ ਭਾਰਤੀ ਵ੍ਹਿਸਕੀ ਨਿਰਮਾਤਾਵਾਂ ਦੇ ਸਾਹਮਣੇ ਵੀ ਮੁਕਾਬਲਾ ਵਧ ਗਿਆ ਹੈ।

ਰੈੱਡ ਲੇਬਲ ਅਤੇ ਬਲੈਕ ਲੇਬਲ ਹੋਏ ਸਸਤੇ : ਡਿਆਜੀਓ ਨੇ ਪੁਸ਼ਟੀ ਕੀਤੀ ਹੈ ਕਿ ਕਰਨਾਟਕ ’ਚ 750 ਮਿਲੀਲੀਟਰ ਦੀ ਜੌਨੀ ਵਾਕਰ ਰੈੱਡ ਲੇਬਲ ਦੀ ਕੀਮਤ ਸਤੰਬਰ ਤੋਂ 2,810 ਰੁਪਏ ਤੋਂ ਘਟ ਕੇ 2,620 ਰੁਪਏ ਅਤੇ ਬਲੈਕ ਲੇਬਲ ਦੀ ਕੀਮਤ 4,005 ਰੁਪਏ ਤੋਂ ਘਟ ਕੇ 3,645 ਰੁਪਏ ਹੋ ਗਈ ਹੈ। ਕੰਪਨੀ ਦੇ ਮੁਤਾਬਕ 7 ਸੂਬਿਆਂ ’ਚ ਕੀਮਤਾਂ ’ਚ ਬਦਲਾਅ ਲਾਗੂ ਹੋ ਚੁੱਕਾ ਹੈ, ਜਦਕਿ 4 ਹੋਰ ਬਾਜ਼ਾਰਾਂ ’ਚ ਪ੍ਰਕਿਰਿਆ ਜਾਰੀ ਹੈ। ਦਿੱਲੀ ਅਤੇ ਹਰਿਆਣਾ ’ਚ ਅਜੇ ਕੀਮਤਾਂ ’ਚ ਬਦਲਾਅ ਨਹੀਂ ਹੋਇਆ ਹੈ।

ਵ੍ਹਿਸਕੀ ’ਤੇ ਇੰਪੋਰਟ ਡਿਊਟੀ ਅੱਧੀ : ਭਾਰਤ ਅਤੇ ਬ੍ਰਿਟੇਨ ਵਿਚਾਲੇ ਵਪਾਰ ਸਮਝੌਤੇ ਤਹਿਤ ਵ੍ਹਿਸਕੀ ’ਤੇ ਇੰਪੋਰਟ ਡਿਊਟੀ 150 ਫੀਸਦੀ ਤੋਂ ਘਟ ਕੇ 75 ਫੀਸਦੀ ਹੋ ਗਈ ਹੈ। ਹਾਲਾਂਕਿ, ਪ੍ਰਚੂਨ ਕੀਮਤ ’ਤੇ ਸੂਬਾ ਸਰਕਾਰਾਂ ਦੇ ਟੈਕਸ ਅਤੇ ਵ੍ਹਿਸਕੀ ਦੀ ਬੋਤਲ ਕਿੱਥੇ ਤਿਆਰ ਕੀਤੀ ਜਾ ਰਹੀ ਹੈ, ਇਸ ਦਾ ਵੀ ਅਸਰ ਪੈਂਦਾ ਹੈ। ਡਿਆਜੀਓ ਕੀਮਤਾਂ ’ਚ ਕਟੌਤੀ ਦਾ ਐਲਾਨ ਕਰਨ ਵਾਲੀ ਪਹਿਲੀ ਪ੍ਰਮੁੱਖ ਕੰਪਨੀ ਹੈ।
 


author

Inder Prajapati

Content Editor

Related News