Gold-Silver Crash: ਤਿਉਹਾਰਾਂ ਤੋ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਆਈ ਵੱਡੀ ਗਿਰਾਵਟ, ਜਾਣੋ ਨਵੇਂ ਰੇਟ
Wednesday, Oct 14, 2026 - 09:00 PM (IST)
ਨਵੀਂ ਦਿੱਲੀ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤੀ ਵਾਅਦਾ ਬਾਜ਼ਾਰ (MCX) 'ਤੇ ਦਸੰਬਰ ਫਿਊਚਰਜ਼ ਲਈ ਚਾਂਦੀ ਦੀ ਕੀਮਤ ਵਿੱਚ ਲਗਭਗ 8,237 ਰੁਪਏ (3.76 ਫੀਸਦੀ) ਦੀ ਵੱਡੀ ਗਿਰਾਵਟ ਆਈ ਹੈ, ਜਿਸ ਨਾਲ ਚਾਂਦੀ ਦਾ ਭਾਅ ਘਟ ਕੇ 2,10,508 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਸੋਨੇ ਦੀਆਂ ਕੀਮਤਾਂ ਵਿੱਚ ਵੀ 2,084 ਰੁਪਏ (1.50 ਫੀਸਦੀ) ਦੀ ਗਿਰਾਵਟ ਆਈ ਹੈ, ਜਿਸ ਨਾਲ 10 ਗ੍ਰਾਮ ਸੋਨੇ ਦਾ ਭਾਅ 1,46,366 ਰੁਪਏ 'ਤੇ ਪਹੁੰਚ ਗਿਆ ਹੈ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਆਈ ਅਚਾਨਕ ਗਿਰਾਵਟ ਕਾਰਨ ਘਰੇਲੂ ਬਾਜ਼ਾਰ 'ਤੇ ਇਹ ਅਸਰ ਦੇਖਣ ਨੂੰ ਮਿਲਿਆ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ 1.31 ਫੀਸਦੀ ਡਿੱਗ ਕੇ 4,122.05 ਡਾਲਰ ਪ੍ਰਤੀ ਔਂਸ ਅਤੇ ਚਾਂਦੀ 4.18 ਫੀਸਦੀ ਡਿੱਗ ਕੇ 57.035 ਡਾਲਰ ਪ੍ਰਤੀ ਔਂਸ 'ਤੇ ਆ ਗਈ ਹੈ।
ਇਸ ਗਿਰਾਵਟ ਦਾ ਮੁੱਖ ਕਾਰਨ ਅਮਰੀਕਾ ਵਿੱਚ ਜਾਰੀ ਕੀਤੇ ਗਏ ਮਹਿੰਗਾਈ ਦੇ ਅੰਕੜੇ (CPI) ਹਨ। ਸਤੰਬਰ ਮਹੀਨੇ 'ਚ ਅਮਰੀਕਾ ਦਾ ਸੀ.ਪੀ.ਆਈ. ਮਹਿੰਗਾਈ ਅੰਕੜਾ ਮਹੀਨਾਵਾਰ ਆਧਾਰ 'ਤੇ 0.6 ਫੀਸਦੀ ਵਧਿਆ ਹੈ। ਮਹਿੰਗਾਈ ਦਰ ਉਮੀਦ ਤੋਂ ਜ਼ਿਆਦਾ ਰਹਿਣ ਕਾਰਨ ਬਾਜ਼ਾਰ 'ਚ ਇਹ ਖ਼ਦਸ਼ਾ ਪੈਦਾ ਹੋ ਗਿਆ ਹੈ ਕਿ ਅਮਰੀਕੀ ਫੈਡਰਲ ਰਿਜ਼ਰਵ ਵਿਆਜ ਦਰਾਂ ਵਿੱਚ ਵਾਧਾ ਕਰ ਸਕਦਾ ਹੈ। ਇਸ ਕਾਰਨ ਨਿਵੇਸ਼ਕਾਂ ਵੱਲੋਂ ਸੋਨੇ ਅਤੇ ਚਾਂਦੀ ਵਿੱਚ ਤੇਜ਼ੀ ਨਾਲ ਬਿਕਵਾਲੀ (ਵਿਕਰੀ) ਕੀਤੀ ਗਈ ਹੈ।
ਅਮਰੀਕੀ ਡਾਲਰ ਦੇ ਮਜ਼ਬੂਤ ਹੋਣ ਨਾਲ ਹੋਰਨਾਂ ਦੇਸ਼ਾਂ ਦੇ ਖਰੀਦਦਾਰਾਂ ਲਈ ਸੋਨਾ ਅਤੇ ਚਾਂਦੀ ਮਹਿੰਗੇ ਹੋ ਗਏ ਹਨ, ਜਿਸ ਨਾਲ ਮੰਗ 'ਤੇ ਦਬਾਅ ਬਣਿਆ ਹੈ। ਇਸ ਤੋਂ ਇਲਾਵਾ ਵਿਆਜ ਦਰਾਂ ਉੱਚੀਆਂ ਰਹਿਣ ਦੀ ਸੰਭਾਵਨਾ ਕਾਰਨ ਨਿਵੇਸ਼ਕਾਂ ਦਾ ਰੁਝਾਨ ਬਾਂਡਸ ਵੱਲ ਵਧਿਆ ਹੈ, ਜਿਸ ਨਾਲ ਸੁਰੱਖਿਅਤ ਨਿਵੇਸ਼ ਮੰਨੇ ਜਾਣ ਵਾਲੇ ਸੋਨੇ-ਚਾਂਦੀ ਦੇ ਭਾਅ ਹੇਠਾਂ ਆ ਗਏ ਹਨ।
