ਨਿਰਮਾਣ ਖੇਤਰ ਦੀਆਂ ਗਤੀਵਿਧੀਆਂ ਮਾਰਚ ''ਚ ਡਿੱਗ ਕੇ 5 ਮਹੀਨੇ ਦੇ ਹੇਠਲੇ ਪੱਧਰ ''ਤੇ
Wednesday, Apr 04, 2018 - 08:51 AM (IST)

ਨਵੀਂ ਦਿੱਲੀ - ਦੇਸ਼ ਦੇ ਨਿਰਮਾਣ ਖੇਤਰ ਦੀਆਂ ਗਤੀਵਿਧੀਆਂ ਮਾਰਚ 'ਚ ਡਿੱਗ ਕੇ 5 ਮਹੀਨੇ ਦੇ ਹੇਠਲੇ ਪੱਧਰ 'ਤੇ ਆ ਗਈਆਂ ਹਨ। ਇਸ ਦਾ ਮੁੱਖ ਕਾਰਨ ਨਵੇਂ ਆਰਡਰ ਦੀ ਮੱਠੀ ਰਫਤਾਰ ਅਤੇ ਭਰਤੀ ਪ੍ਰਕਿਰਿਆ ਨੂੰ ਲੈ ਕੇ ਕੰਪਨੀਆਂ ਦੀ ਸੁਸਤੀ ਰਹੀ। ਇਕ ਮਹੀਨਾਵਾਰੀ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ। ਨਿੱਕਈ ਇੰਡੀਆ ਮੈਨੂਫੈਕਚਰਿੰਗ ਪ੍ਰਚੇਜ਼ਿੰਗ ਮੈਨੇਜਰਸ ਇੰਡੈਕਸ (ਪੀ. ਐੱਮ. ਆਈ.) ਮਾਰਚ 'ਚ ਡਿੱਗ ਕੇ 51.0 'ਤੇ ਰਿਹਾ। ਇਹ ਸੰਚਾਲਨ ਹਾਲਾਤ 'ਚ ਮੱਠੇ ਸੁਧਾਰ ਨੂੰ ਦਰਸਾਉਂਦਾ ਹੈ। ਫਰਵਰੀ 'ਚ ਪੀ. ਐੱਮ. ਆਈ. 52.1 'ਤੇ ਸੀ। ਇਹ ਲਗਾਤਾਰ 8ਵਾਂ ਮਹੀਨਾ ਹੈ, ਜਦੋਂ ਸੂਚਕ ਅੰਕ 50 ਅੰਕ ਤੋਂ 'ਤੇ ਬਣਿਆ ਰਿਹਾ।
ਆਈ. ਐੱਚ. ਐੱਸ. ਮਾਰਕੀਟ ਦੀ ਅਰਥਸ਼ਾਸਤਰੀ ਅਤੇ ਰਿਪੋਰਟ ਦੀ ਲੇਖਿਕਾ ਆਸ਼ਨਾ ਡੋਢਿਆ ਨੇ ਕਿਹਾ, ''ਅਕਤੂਬਰ ਤੋਂ ਮਗਰੋਂ ਦੇਸ਼ ਦਾ ਨਿਰਮਾਣ ਖੇਤਰ ਲਗਾਤਾਰ ਮੱਠੀ ਰਫ਼ਤਾਰ ਨਾਲ ਵਧ ਰਿਹਾ ਹੈ, ਜੋ ਕਿ ਨਵੇਂ ਕਾਰੋਬਾਰ ਆਰਡਰ ਦੀ ਮੱਠੀ ਰਫਤਾਰ ਅਤੇ 8 ਮਹੀਨੇ 'ਚ ਪਹਿਲੀ ਵਾਰ ਰੋਜ਼ਗਾਰ 'ਚ ਗਿਰਾਵਟ ਨੂੰ ਦਰਸਾਉਂਦਾ ਹੈ।'' ਉਨ੍ਹਾਂ ਕਿਹਾ ਕਿ ਪੀ. ਐੱਮ. ਆਈ. ਦੇ ਰੋਜ਼ਗਾਰ ਅੰਕੜਿਆਂ ਨੇ ਕਿਰਤ ਬਾਜ਼ਾਰ 'ਚ ਚਿਤਾਵਨੀ ਦੇ ਸੰਕੇਤ ਦਿੱਤੇ ਹਨ।