Mahindra ਨੇ EV ‘BE 6e’ ਦਾ ਬ੍ਰਾਂਡ ਨਾਮ ਬਦਲ ਕੇ ਕੀਤਾ ‘BE 6'
Sunday, Dec 08, 2024 - 05:46 AM (IST)
ਨਵੀਂ ਦਿੱਲੀ, (ਭਾਸ਼ਾ)- ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਨੇ ਆਪਣੇ ਨਵੇਂ ਇਲੈਕਟ੍ਰਿਕ ਵ੍ਹੀਕਲ ਮਹਿੰਦਰਾ ਬੀ. ਈ.6ਈ. ਦਾ ਨਾਂ ਬਦਲ ਦਿੱਤਾ ਹੈ। ਆਟੋ ਕੰਪਨੀ ਨੇ ਇਸ ਦਾ ਨਾਂ ਬਦਲ ਕੇ ਮਹਿੰਦਰਾ ਬੀ. ਈ. 6 ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਆਪਣੇ ਨਵੇਂ ਇਲੈਕਟ੍ਰਿਕ ਵਾਹਨ ਬ੍ਰਾਂਡ ਦਾ ਨਾਂ ਬਦਲ ਕੇ ਬੀ. ਈ. 6 ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਟਰੇਡਮਾਰਕ ਬੀ. ਈ.6ਈ ਲਈ ਇੰਟਰਗਲੋਬ ਐਵੀਏਸ਼ਨ ਨਾਲ ਅਦਾਲਤ ’ਚ ਮਜ਼ਬੂਤੀ ਨਾਲ ਮੁਕਾਬਲਾ ਜਾਰੀ ਰੱਖੇਗੀ।
ਕੰਪਨੀ ਨੇ ਕਿਉਂ ਬਦਲਿਆ ਨਾਂ?
ਦੱਸ ਦੇਈਏ ਕਿ ਏਅਰਲਾਈਨਸ ਕੰਪਨੀ ਇੰਡੀਗੋ ਦੀ ਮਾਲਿਕ ਇੰਟਰਗਲੋਬ ਐਵੀਏਸ਼ਨ ਨੇ ਐੱਮ. ਐਂਡ ਐੱਮ. ਦੇ ਆਪਣੇ ਨਵੇਂ ਈ. ਵੀ. ਬ੍ਰਾਂਡ ’ਚ 6ਈ. ਦੀ ਵਰਤੋਂ ਨੂੰ ਲੈ ਕੇ ਉਸ ਨੂੰ ਅਦਾਲਤ ’ਚ ਘੜੀਸਿਆ ਹੈ।
ਐੱਮ. ਐਂਡ ਐੱਮ. ਨੇ ਕਿਹਾ, ‘‘ਸਾਨੂੰ ਇਹ ਅਣ-ਉਚਿਤ ਲੱਗਦਾ ਹੈ ਕਿ ਦੋ ਵੱਡੀਆਂ, ਭਾਰਤੀ ਬਹੁ-ਕੌਮੀ ਕੰਪਨੀਆਂ ਇਕ ਹੈਰਾਨ ਕਰਨ ਵਾਲੇ ਅਤੇ ਬੇਲੋੜੇ ਸੰਘਰਸ਼ ’ਚ ਸ਼ਾਮਲ ਹੋਣ, ਜਦੋਂ ਕਿ ਅਸਲ ’ਚ ਸਾਨੂੰ ਇਕ-ਦੂਜੇ ਦੇ ਵਾਧੇ ਅਤੇ ਵਿਸਥਾਰ ਦਾ ਸਮਰਥਨ ਕਰਨਾ ਚਾਹੀਦਾ ਹੈ।’’
ਬਿਆਨ ’ਚ ਅੱਗੇ ਕਿਹਾ ਗਿਆ ਕਿ ਇਸ ਲਈ ਕੰਪਨੀ ਆਪਣੇ ਉਤਪਾਦ ਨੂੰ ਬੀ. ਈ. 6 ਦੇ ਰੂਪ ’ਚ ਬ੍ਰਾਂਡ ਕਰਨ ਦਾ ਫੈਸਲਾ ਕਰ ਰਹੀ ਹੈ। ਐੱਮ. ਐਂਡ ਐੱਮ. ਨੇ ਕਿਹਾ, ‘‘ਹਾਲਾਂਕਿ, ਅਸੀਂ ਮੰਨਦੇ ਹਾਂ ਕਿ ਇੰਡੀਗੋ ਦਾ ਦਾਅਵਾ ਬੇਬੁਨਿਆਦ ਹੈ ਅਤੇ ਜੇ ਇਸ ਨੂੰ ਚੁਣੌਤੀ ਨਹੀਂ ਦਿੱਤੀ ਜਾਂਦੀ ਹੈ, ਤਾਂ ਇਹ ਅਲਫਾਨਿਊਮੈਰਿਕ 2-ਅੱਖਰ ਵਾਲੇ ਚਿੰਨ੍ਹ ’ਤੇ ਏਕਾਧਿਕਾਰ ਕਰਨ ਦੀ ਇਕ ਬੀਮਾਰ ਮਿਸਾਲ ਪੈਦਾ ਕਰੇਗਾ।’’