ਅਰਥਵਿਵਸਥਾ ਨੂੰ ਬਚਾਉਣ ਅਤੇ ਗਰੀਬਾਂ ਦੀ ਮਦਦ ਲਈ ਆਨੰਦ ਮਹਿੰਦਰਾ ਨੇ ਕੇਂਦਰ ਸਰਕਾਰ ਨੂੰ ਦਿੱਤੀ ਇਹ ਸਲਾਹ

10/10/2020 1:33:51 AM

ਨਵੀਂ ਦਿੱਲੀ–ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸਰਕਾਰ ਨੂੰ ਅਰਥਵਿਵਸਥਾ ਨੂੰ ਬਚਾਉਣ ਅਤੇ ਗਰੀਬਾਂ ਦੀ ਮਦਦ ਕਰਨ ਲਈ ਨੋਟ ਛਾਪਣ ਦਾ ਸੁਝਾਅ ਦਿੱਤਾ ਹੈ। ਆਨੰਦ ਮਹਿੰਦਰਾ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਲੋਕਾਂ ਨੂੰ ਹੋਈਆਂ ਪ੍ਰੇਸ਼ਾਨੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੋਰੋਨਾ ਵਾਇਰਸ ਨੇ ਹੇਠਲੇ ਵਰਗੇ ਦੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ।

ਆਨੰਦ ਮਹਿੰਦਰਾ ਨੇ ਕਿਹਾ ਕਿ ਜੇ ਵੱਡੇ ਨੁਕਸਾਨ ਤੋਂ ਬਚਣ ਲਈ ਸਰਕਾਰ ਨੂੰ ਨੋਟ ਛਾਪਣ ਦੀ ਲੋੜ ਪਵੇ ਤਾਂ ਸਰਕਾਰ ਨੂੰ ਨੋਟ ਛਾਪਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਗਰੀਬ ਲੋਕਾਂ ਨੂੰ ਜ਼ਿਆਦਾ ਨੁਕਸਾਨ ਉਠਾਉਣਾ ਪਿਆ ਹੈ। ਸਪਲਾਈ ‘ਚ ਕਮੀ ਅਤੇ ਮਹਾਮਾਰੀ ਕਾਰਣ ਐੱਮ. ਐੱਸ. ਐੱਮ. ਈ. ਸੈਕਟਰ ‘ਚ ਲੱਖਾਂ ਨੌਕਰੀਆਂ ਖਤਮ ਹੋ ਗਈਆਂ ਹਨ। ਕੋਰੋਨਾ ਵਾਇਰਸ ਨੇ ਐੱਮ. ਐੱਸ. ਐੱਮ. ਈ. ਸੈਕਟਰ ਨਾਲ ਜੁੜੇ ਰੋਜ਼ਾਨਾ ਕਮਾਉਣ ਵਾਲੇ ਲੋਕਾਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਆਨੰਦ ਮਹਿੰਦਰਾ ਨੇ ਲਾਕਡਾਊਨ ਕਾਰਣ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਲੋਕਲ ਰੂਟ ਨਾਲ ਡੈਫੀਸਿਟ ਫਾਇਨਾਂਸਿੰਗ ਨੂੰ ਵੀ ਇਕ ਬਦਲ ਦੱਸਿਆ।

ਟਰੈਕਟਰਾਂ ਅਤੇ ਆਟੋਮੋਬਾਈਲ ਸੈਕਟਰ ਦੀ ਵਿਕਰੀ ਵਧੀ
ਇੰਡੀਆ ਇਨਵੈਸਟ 2020 ਫੋਰਮ ‘ਚ ਬੋਲਦੇ ਹੋਏ ਆਨੰਦ ਮਹਿੰਦਰਾ ਨੇ ਮੌਜੂਦਾ ਅਰਥਵਿਵਸਥਾ ਦੇ ਨਾਜ਼ੁਕ ਹਾਲਾਤਾਂ ਨਾਲ ਦੇਸ਼ ‘ਚ ਵਧਦੇ ਖੁਦਕੁਸ਼ੀ ਦੇ ਕੇਸਾਂ ਅਤੇ ਔਰਤਾਂ ਖਿਲਾਫ ਘਰੇਲੂ ਹਿੰਸਾ ‘ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਦੁਨੀਆ ਦਾ ਸਭ ਤੋਂ ਸਖਤ ਲਾਕਡਾਊਨ ਹੋਣ ਦੇ ਬਾਵਜੂਦ ਭਾਰਤ ‘ਚ ਆਰਥਿਕ ਰਿਕਵਰੀ ਹੋ ਰਹੀ ਹੈ। ਭਾਰਤ ‘ਚ ਟਰੈਕਟਰਾਂ ਅਤੇ ਆਟੋਮੋਬਾਈਲ ਖੇਤਰ ਦੀ ਵਿਕਰੀ ਵਧ ਰਹੀ ਹੈ, ਜਿਸ ਨਾਲ ਅਰਥਵਿਵਸਥਾ ਦੇ ਪਟੜੀ ‘ਤੇ ਪਰਤਣ ਦੀ ਉਮੀਦਾਂ ਜਾਗੀਆਂ ਹਨ।


Karan Kumar

Content Editor

Related News