ਜੁਲਾਈ ਵਿਚ ਮਹਿੰਦਰਾ ਐਂਡ ਮਹਿੰਦਰਾ ਦੇ ਯਾਤਰੀ ਵਾਹਨਾਂ ਦੀ ਵਿਕਰੀ ਦੁੱਗਣੀ ਹੋਈ
Monday, Aug 02, 2021 - 05:01 PM (IST)
ਨਵੀਂ ਦਿੱਲੀ- ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਲਿਮਟਿਡ ਨੇ ਸੋਮਵਾਰ ਨੂੰ ਦੱਸਿਆ ਕਿ ਜੁਲਾਈ 2021 ਵਿਚ ਉਸ ਦੇ ਯਾਤਰੀ ਵਾਹਨਾਂ ਦੀ ਵਿਕਰੀ ਲਗਭਗ ਦੁੱਗਣੀ ਹੋ ਕੇ 21,046 ਯੂਨਿਟ ਹੋ ਗਈ ਹੈ। ਐੱਮ. ਐਂਡ ਐੱਮ ਨੇ ਇੱਕ ਬਿਆਨ ਵਿਚ ਕਿਹਾ ਕਿ ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ 11,025 ਯੂਨਿਟਸ ਵੇਚੇ ਸਨ।
ਕੰਪਨੀ ਨੇ ਕਿਹਾ ਕਿ ਸਮੀਖਿਆ ਅਧੀਨ ਮਿਆਦ ਦੌਰਾਨ ਇਸ ਦੇ ਯੂਟਿਲਟੀ ਵਾਹਨਾਂ ਦੀ ਵਿਕਰੀ 91 ਫ਼ੀਸਦੀ ਵੱਧ ਕੇ 20,797 ਇਕਾਈ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿਚ 10,898 ਇਕਾਈ ਰਹੀ ਸੀ।
ਕੰਪਨੀ ਨੇ ਕਿਹਾ ਕਿ ਇਸ ਸਾਲ ਜੁਲਾਈ ਵਿਚ ਕਾਰਾਂ ਅਤੇ ਵੈਨਾਂ ਦੀ ਵਿਕਰੀ 249 ਯੂਨਿਟ ਰਹੀ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ 127 ਯੂਨਿਟ ਸੀ। ਐੱਮ. ਐਂਡ ਐੱਮ. ਲਿਮਟਿਡ, ਆਟੋਮੋਟਿਵ ਡਿਵੀਜ਼ਨ ਦੇ ਸੀ. ਈ. ਓ. ਵਿਜੈ ਨਾਕਰਾ ਨੇ ਕਿਹਾ, “ਹੁਣ ਸਾਡੇ ਕੋਲ ਦੇਸ਼ ਭਰ ਵਿਚ 90 ਫ਼ੀਸਦੀ ਤੋਂ ਵੱਧ ਡੀਲਰਸ਼ਿਪ ਅਤੇ ਵਰਕਸ਼ਾਪ ਚੱਲ ਰਹੀਆਂ ਹਨ। ਅਸੀਂ ਸਰਗਰਮੀਆਂ ਦੇ ਪੱਧਰ 'ਤੇ ਅਤੇ ਪੁੱਛਗਿੱਛ ਵਿੱਚ ਮਹੱਤਵਪੂਰਨ ਵਾਧਾ ਵੇਖਿਆ ਹੈ ਅਤੇ ਇਸ ਦੇ ਮੱਦੇਨਜ਼ਰ ਵਿਕਰੀ ਵਧੀ ਹੈ।” ਇਕ ਦੂਜੇ ਬਿਆਨ ਵਿਚ ਐੱਮ. ਐਂਡ ਐੱਮ. ਨੇ ਕਿਹਾ ਕਿ ਉਸ ਦੇ ਟਰੈਕਟਰਾਂ ਦੀ ਵਿਕਰੀ ਜੁਲਾਈ 2021 ਵਿਚ 7 ਫ਼ੀਸਦੀ ਵੱਧ ਕੇ 27,229 ਯੂਨਿਟ ਹੋ ਗਈ ਜੋ ਪਿਛਲੇ ਸਾਲ ਇਸੇ ਮਹੀਨੇ 25,402 ਯੂਨਿਟ ਰਹੀ ਸੀ। ਇਸ ਦੌਰਾਨ ਟਰੈਕਟਰਾਂ ਦੀ ਘਰੇਲੂ ਵਿਕਰੀ ਵਿਚ 5 ਫ਼ੀਸਦੀ ਦਾ ਵਾਧਾ ਹੋਇਆ ਹੈ।