ਮਹਾਕੁੰਭ ਨਾਲ ਉੱਤਰ ਪ੍ਰਦੇਸ਼ ਦੀ GDP ’ਚ ਇਕ ਫੀਸਦੀ ਤੋਂ ਜ਼ਿਆਦਾ ਦਾ ਵਾਧਾ, 4 ਲੱਖ ਕਰੋੜ ਦਾ ਕਾਰੋਬਾਰ
Sunday, Jan 19, 2025 - 12:23 AM (IST)
ਮਹਾਕੁੰਭ ਨਗਰ – ਪ੍ਰਯਾਗਰਾਜ ’ਚ ਆਯੋਜਿਤ ਹੋਣ ਵਾਲਾ ਮਹਾਕੁੰਭ 2025 ਨਾ ਸਿਰਫ ਸੱਭਿਆਚਾਰਕ ਤੇ ਸਮਾਜਿਕ ਸਗੋਂ ਆਰਥਿਕ ਤੌਰ ’ਤੇ ਵੀ ਇਤਿਹਾਸਕ ਪ੍ਰਭਾਵ ਪਾਉਣ ਵਾਲਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹੁਣੇ ਜਿਹੇ ਇਸ ਦੇ ਰਾਹੀਂ 2 ਲੱਖ ਕਰੋੜ ਰੁਪਏ ਦੇ ਕਾਰੋਬਾਰ ਅਤੇ ਉੱਤਰ ਪ੍ਰਦੇਸ਼ ਦੀ ਜੀ. ਡੀ. ਪੀ. ’ਚ ਇਕ ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਣ ਦਾ ਅਨੁਮਾਨ ਦੱਸਿਆ ਹੈ। ਇਸ ਦੇ ਨਾਲ ਹੀ 45 ਦਿਨ ਤਕ ਚੱਲਣ ਵਾਲੇ ਇਸ ਸ਼ਾਨਦਾਰ ਆਯੋਜਨ ਦੌਰਾਨ ਜੀ. ਐੱਸ. ਟੀ. ਕੁਲੈਕਸ਼ਨ ਵਿਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ।
ਪ੍ਰਸਿੱਧ ਅਰਥ ਸ਼ਾਸਤਰੀ ਤੇ ਸੀ. ਏ. ਪੰਕਜ ਗਾਂਧੀ ਜਾਇਸਵਾਲ ਅਨੁਸਾਰ ਮਹਾਕੁੰਭ 2025 ਉੱਤਰ ਪ੍ਰਦੇਸ਼ ਦੀ ਨਾਮਾਤਰ ਤੇ ਅਸਲ ਜੀ. ਡੀ. ਪੀ. ਦੋਵਾਂ ਨੂੰ ਇਕ ਫੀਸਦੀ ਤਕ ਵਧਾ ਸਕਦਾ ਹੈ। ਉੱਤਰ ਪ੍ਰਦੇਸ਼ ਸਰਕਾਰ ਮੁਤਾਬਕ ਇਸ ਵਾਰ ਮਹਾਕੁੰਭ ’ਚ ਲੱਗਭਗ 45 ਕਰੋੜ ਲੋਕ ਹਿੱਸਾ ਲੈਣਗੇ। ਲੋਕ ਕਾਸ਼ੀ, ਅਯੁੱਧਿਆ ਤੇ ਚਿਤਰਕੂਟ ਵਰਗੇ ਹੋਰ ਪ੍ਰਮੁੱਖ ਸਥਾਨਾਂ ਦੀ ਯਾਤਰਾ ਵੀ ਕਰਨਗੇ। ਹਰੇਕ ਵਿਅਕਤੀ ਦਾ ਔਸਤ ਖਰਚਾ 10,000 ਰੁਪਏ ਹੋਣ ਦਾ ਅਨੁਮਾਨ ਹੈ। ਇਸ ਨੂੰ 45 ਕਰੋੜ ਲੋਕਾਂ ਨਾਲ ਗੁਣਾ ਕੀਤਾ ਜਾਵੇ ਤਾਂ ਕੁਲ ਆਰਥਿਕ ਸਰਗਰਮੀਆਂ 4.50 ਲੱਖ ਕਰੋੜ ਰੁਪਏ ਤਕ ਪਹੁੰਚ ਸਕਦੀਆਂ ਹਨ।