ਮਹਾਦੇਵ ਸੱਟਾ ਐਪ ਘਪਲੇ ਦਾ ਕਿੰਗਪਿਨ ਸੌਰਭ ਚੰਦਰਾਕਰ ਦੁਬਈ ’ਚ ਗ੍ਰਿਫਤਾਰ, ਕਈ ਮਸ਼ਹੂਰ ਹਸਤੀਆਂ ਨਾਲ ਜੁੜੇ ਲਿੰਕ

Saturday, Oct 12, 2024 - 02:06 PM (IST)

ਜਲੰਧਰ (ਵਿਸ਼ੇਸ਼) – ਛੱਤੀਸਗੜ੍ਹ ਦੇ ਬਹੁਚਰਚਿਤ ਮਹਾਦੇਵ ਸੱਟਾ ਐਪ ਘਪਲੇ ਦੇ ਮੁੱਖ ਮੁਲਜ਼ਮ ਸੌਰਭ ਚੰਦਰਾਕਰ ਨੂੰ ਦੁਬਈ ’ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫਤਾਰੀ ਇੰਟਰਪੋਲ ਵੱਲੋਂ ਕੀਤੀ ਗਈ ਹੈ ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਇੰਟਰਪੋਲ ਨੂੰ ਚਿੱਠੀ ਲਿਖ ਕੇ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਅਪੀਲ ਕੀਤੀ ਸੀ, ਜਿਸ ਦੇ ਆਧਾਰ ’ਤੇ ਐਕਸ਼ਨ ਲੈਂਦੇ ਹੋਏ ਦੁਬਈ ’ਚ ਸੱਟਾ ਕਿੰਗ ਸੌਰਭ ਚੰਦਰਾਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ :      ਹੋ ਜਾਓ ਸਾਵਧਾਨ! 10 ਰੁਪਏ ਦਾ ਸਿੱਕਾ ਭੇਜ ਸਕਦੈ ਜੇਲ੍ਹ

ਇਸ ਤੋਂ ਪਹਿਲਾਂ ਚੰਦਰਾਕਰ ਨੂੰ ਦੁਬਈ ’ਚ ਨਜ਼ਰਬੰਦ ਕੀਤਾ ਗਿਆ ਸੀ, ਜਿਸ ਪਿੱਛੋਂ ਭਾਰਤ ਵੱਲੋਂ ਰੈੱਡ ਕਾਰਨਰ ਨੋਟਿਸ ਭੇਜਿਆ ਗਿਆ ਸੀ ਅਤੇ ਇਸੇ ਆਧਾਰ ’ਤੇ ਚੰਦਰਾਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਹਿ ਮੰਤਰਾਲਾ ਨੂੰ ਇਸ ਦੀ ਸੂਚਨਾ ਦਿੱਤੇ ਜਾਣ ਤੋਂ ਬਾਅਦ ਪੀ. ਐੱਮ. ਐੱਲ. ਏ. ਕੋਰਟ ਤੋਂ ਹਵਾਲਗੀ ਨਾਲ ਸਬੰਧਤ ਕਾਗਜ਼ਾਤ ਭਾਰਤ ਤੋਂ ਮੰਗਵਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਦਸਤਾਵੇਜ਼ ਅਰਬੀ ਭਾਸ਼ਾ ਵਿਚ ਭੇਜੇ ਗਏ ਹਨ ਤਾਂ ਜੋ ਚੰਦਰਾਕਰ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਵਿਚ ਕੋਈ ਸਮੱਸਿਆ ਨਾ ਆਵੇ।

ਦੱਸਿਆ ਜਾ ਰਿਹਾ ਹੈ ਕਿ ਸੌਰਭ ਚੰਦਰਾਕਰ ਨੂੰ ਰਾਏਪੁਰ ਦੇ ਨਾਲ-ਨਾਲ ਮੁੰਬਈ ਵਿਚ ਵੀ ਪੁਲਸ ਵੱਲੋਂ ਪੁੱਛਗਿੱਛ ਲਈ ਕਸਟਡੀ ਵਿਚ ਲਿਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸ ਮਾਮਲੇ ’ਚ ਹੁਣ ਤਕ ਜਿੰਨੀ ਵੀ ਕਾਰਵਾਈ ਹੋਈ ਹੈ, ਉਸ ਵਿਚ ਅੱਗੇ ਦਾ ਐਕਸ਼ਨ ਚੰਦਰਾਕਰ ਤੋਂ ਪੁੱਛਗਿੱਛ ਤੋਂ ਬਾਅਦ ਹੀ ਸੰਭਵ ਹੋਵੇਗਾ। ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ 7 ਤੋਂ 10 ਦਿਨਾਂ ਵਿਚ ਉਸ ਨੂੰ ਭਾਰਤ ਲਿਆਂਦਾ ਜਾ ਸਕੇਗਾ।

ਇਹ ਵੀ ਪੜ੍ਹੋ :      Ratan tata:  'ਮੇਰੀ ਪੂਰੀ ਪ੍ਰਾਪਰਟੀ ਬੰਬਾਂ ਨਾਲ ਉਡਾ ਦਿਓ, ਅੱਤਵਾਦੀਆਂ ਨੂੰ ਨਹੀਂ ਛੱਡਣਾ'

1300 ਕਰੋੜ ਰੁਪਏ ਦੀ ਜਾਇਦਾਦ ਅਟੈਚ–

ਮਹਾਦੇਵ ਸੱਟਾ ਐਪ ਮਾਮਲੇ ’ਚ ਈ. ਡੀ. ਵੱਲੋਂ ਲੱਗਭਗ 1300 ਕਰੋੜ ਰੁਪਏ ਦੀ ਜਾਇਦਾਦ ਨੂੰ ਅਟੈਚ ਕੀਤਾ ਜਾ ਚੁੱਕਾ ਹੈ। ਉਕਤ ਮੁਲਜ਼ਮਾਂ ’ਤੇ ਰੇਡ ਤੇ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਾਮਲੇ ’ਚ ਲੱਗਭਗ 1 ਕਰੋੜ 86 ਲੱਖ ਰੁਪਏ ਦੀ ਨਕਦੀ, 580 ਕਰੋੜ ਰੁਪਏ ਦੀ ਜਾਇਦਾਦ ਅਤੇ 1 ਕਰੋੜ 78 ਲੱਖ ਰੁਪਏ ਦੀ ਜਵੈਲਰੀ ਸ਼ਾਮਲ ਹੈ। ਇਸ ਮਾਮਲੇ ਵਿਚ 19 ਵਿਅਕਤੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਸੌਰਭ ਚੰਦਰਾਕਰ ਇਸ ਸੂਚੀ ਵਿਚ 20ਵਾਂ ਮੁਲਜ਼ਮ ਹੈ।

ਅਜੇ ਵੀ ਇਸ ਮਾਮਲੇ ’ਚ 2 ਦਰਜਨ ਤੋਂ ਵੱਧ ਲੋਕ ਫਰਾਰ ਹਨ। ਉੱਧਰ ਛੱਤੀਸਗੜ੍ਹ ਸਰਕਾਰ ਵੱਲੋਂ ਇਹ ਪੂਰਾ ਮਾਮਲਾ ਪਹਿਲਾਂ ਹੀ ਸੀ. ਬੀ. ਆਈ. ਨੂੰ ਸੌਂਪਿਆ ਜਾ ਚੁੱਕਾ ਹੈ। ਈ. ਡੀ. ਵੱਲੋਂ ਜਨਵਰੀ ਵਿਚ ਜਾਂਚ ਸ਼ੁਰੂ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਹੁਣ ਇਹ ਮਾਮਲਾ ਸੀ. ਬੀ. ਆਈ. ਕੋਲ ਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਇਕ ਹੋਰ ਏਜੰਸੀ ਏ. ਸੀ. ਬੀ. ਤੇ ਆਰਥਿਕ ਅਪਰਾਧ ਸ਼ਾਖਾ ਵੱਲੋਂ 4 ਮਾਰਚ 2024 ਨੂੰ ਚਾਰਜਸ਼ੀਟ ਦਾਖਲ ਕੀਤੀ ਗਈ ਸੀ।

ਇਹ ਵੀ ਪੜ੍ਹੋ :     Ratan Tata ਤੋਂ ਬਾਅਦ Noel Tata ਬਣੇ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ, ਜਾਣੋ ਕਿਉਂ ਮਿਲੀ ਇਹ ਜਿੰਮੇਵਾਰੀ

ਮਹਾਦੇਵ ਐਪ ਦੇ ਪੰਜਾਬ ਨਾਲ ਵੀ ਜੁੜੇ ਹਨ ਲਿੰਕ

ਜਾਣਕਾਰੀ ਅਨੁਸਾਰ ਮਹਾਦੇਵ ਐਪ ਦੇ ਪੰਜਾਬ ਨਾਲ ਵੀ ਲਿੰਕ ਜੁੜੇ ਹੋਏ ਹਨ। ਇਸ ਸਬੰਧੀ ਮੁੰਬਈ ’ਚ ਜਿਹੜਾ ਮਾਮਲਾ ਦਰਜ ਹੋਇਆ ਹੈ, ਉਸ ਵਿਚ ਪੰਜਾਬ ਦੇ ਇਕ ਸੱਟਾ ਕਿੰਗ ਜੋ ਹੁਣ ਰੀਅਲ ਅਸਟੇਟ ਕਾਰੋਬਾਰੀ ਵੀ ਬਣ ਗਿਆ ਹੈ, ਦਾ ਨਾਂ ਵੀ ਸ਼ਾਮਲ ਸੀ। ਇਹ ਸੱਟਾ ਕਿੰਗ ਰਾਇਲ ਅਸਟੇਟ ਕਾਰੋਬਾਰੀ ਬਣ ਕੇ ਜਲੰਧਰ ਦੀ 66 ਫੁੱਟੀ ਰੋਡ ’ਤੇ ਇਨ੍ਹੀਂ ਦਿਨੀਂ ਧੜੱਲੇ ਨਾਲ ਕੰਮ ਕਰ ਰਿਹਾ ਹੈ।

ਪਿਛਲੇ ਦਿਨੀਂ ਕੇਂਦਰੀ ਜਾਂਚ ਏਜੰਸੀ ਵੱਲੋਂ ਵੀ ਇਸ ’ਤੇ ਰੇਡ ਕੀਤੀ ਗਈ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਰੀਅਲ ਅਸਟੇਟ ਕਾਰੋਬਾਰੀ ਦੇ ਕੁਝ ਕਰੀਬੀ ਦਾਅਵਾ ਕਰ ਰਹੇ ਹਨ ਕਿ ਮਹਾਦੇਵ ਐਪ ਘਪਲੇ ਵਿਚ ਉਨ੍ਹਾਂ ਦੇ ‘ਭਾਅ ਜੀ’ ਨੂੰ ਕਲੀਨ ਚਿੱਟ ਮਿਲ ਗਈ ਹੈ ਅਤੇ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣ-ਦੇਣਾ ਨਹੀਂ ਪਰ ਮੁੰਬਈ ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਅਜੇ ਪੈਂਡਿੰਗ ਹੈ।

ਇਹ ਵੀ ਪੜ੍ਹੋ :     40.9 ਕਰੋੜ ਦਾ ਬੈਂਕ ਫਰਾਡ ਮਾਮਲਾ, ਬਲਵੰਤ ਸਿੰਘ ਨੂੰ ED ਨੇ ਭੇਜਿਆ ਜੇਲ੍ਹ

ਕੌਣ ਹੈ ਸੌਰਭ ਚੰਦਰਾਕਰ

ਸੌਰਭ ਚੰਦਰਾਕਰ ਜਿਸ ਨੂੰ ਮਹਾਦੇਵ ਐਪ ਦਾ ਕਿੰਗਪਿਨ ਮੰਨਿਆ ਜਾਂਦਾ ਹੈ, ਅਸਲ ’ਚ ਪਹਿਲਾਂ ਇਕ ਜੂਸ ਦੀ ਦੁਕਾਨ ਚਲਾਉਂਦਾ ਸੀ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਜੂਸ ਫੈਕਟਰੀ ਦੇ ਨਾਂ ਨਾਲ ਉਸ ਦੀ ਦੁਕਾਨ ਸੀ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਉਹ ਸੱਟਾ ਵੀ ਖੇਡਦਾ ਸੀ। ਕੋਰੋਨਾ ਕਾਲ ’ਚ ਉਸ ਦੀ ਮੁਲਾਕਾਤ ਰਵੀ ਉੱਪਲ ਨਾਲ ਹੋਈ ਅਤੇ ਉਸ ਦੇ ਨਾਲ ਮਿਲ ਕੇ ਸੌਰਭ ਨੇ ਮਹਾਦੇਵ ਬੈਟਿੰਗ ਐਪ ਲਾਂਚ ਕੀਤੀ। ਇਸ ਬੈਟਿੰਗ ਐਪ ’ਚ ਪੰਜਾਬ ਦਾ ਨਾਮੀ ਤੇ ਚਰਚਿਤ ਸੱਟਾ ਕਿੰਗਪਿਨ ਵੀ ਸ਼ਾਮਲ ਸੀ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੌਰਭ ਦੇ ਡੀ ਕੰਪਨੀ ਨਾਲ ਵੀ ਕੁਨੈਕਸ਼ਨ ਰਹੇ ਹਨ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਸੌਰਭ ਚੰਦਰਾਕਰ ਦੇ ਸਬੰਧ ਨਾਮੀ ਗੈਂਗਸਟਰ ਤੇ ਡਰੱਗ ਡੌਨ ਤਪਨ ਸਰਕਾਰ ਦੇ ਨਾਲ ਵੀ ਹਨ। 2023 ’ਚ ਵੀ ਚੰਦਰਾਕਰ ਨੂੰ ਦੁਬਈ ’ਚ ਹਿਰਾਸਤ ਵਿਚ ਲੈ ਕੇ ਨਜ਼ਰਬੰਦ ਕੀਤਾ ਗਿਆ ਸੀ। ਫਰਵਰੀ 2023 ’ਚ ਉਸ ਨੇ ਦੁਬਈ ’ਚ ਵਿਆਹ ਕਰਵਾਇਆ ਸੀ, ਜਿਸ ’ਤੇ 200 ਕਰੋੜ ਰੁਪਏ ਦਾ ਖਰਚਾ ਹੋਣ ਦਾ ਅਨੁਮਾਨ ਲਾਇਆ ਗਿਆ ਸੀ।

ਬਾਕਾਇਦਾ ਪਰਿਵਾਰ ਨੂੰ ਲਿਜਾਣ ਲਈ ਜੈੱਟ ਦੀ ਵਰਤੋਂ ਕੀਤੀ ਗਈ ਸੀ। ਬਾਲੀਵੁੱਡ ਤੋਂ ਕਈ ਵੱਡੇ ਸਟਾਰ ਸੌਰਭ ਦੇ ਵਿਆਹ ਵਿਚ ਪ੍ਰਫਾਰਮ ਕਰਨ ਗਏ ਸਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਦਾ ਭੁਗਤਾਨ ਵੀ ਹਵਾਲਾ ਦੇ ਮਾਧਿਅਮ ਰਾਹੀਂ ਕੀਤਾ ਗਿਆ ਹੈ। ਇਕ ਈਵੈਂਟ ਮੈਨੇਜਮੈਂਟ ਕੰਪਨੀ ਨੂੰ 112 ਕਰੋੜ ਰੁਪਏ ਪਹੁੰਚਾਏ ਗਏ ਸਨ, ਜਿਸ ਤੋਂ ਬਾਅਦ ਸੌਰਭ ਚੰਦਰਾਕਰ ਚਰਚਾ ਵਿਚ ਆਇਆ ਸੀ।

ਹਰ ਮਹੀਨੇ 400 ਕਰੋੜ ਰੁਪਏ ਦੀ ਕਮਾਈ, ਕਈ ਫਿਲਮੀ ਸਿਤਾਰੇ ਵੀ ਜੁੜੇ–

ਸੌਰਭ ਦਾ ਵਿਆਹ ਫਰਵਰੀ 2023 ’ਚ ਹੋਇਆ ਸੀ। ਵਿਆਹ ਵਿਚ ਲੱਗਭਗ 42 ਕਰੋੜ ਰੁਪਏ ਹੋਟਲ ਦੀ ਬੁਕਿੰਗ ’ਤੇ ਖਰਚ ਕੀਤੇ ਗਏ ਸਨ। ਉਸ ਦੇ ਵਿਆਹ ਵਿਚ ਹੋਰ ਸੈਲੀਬ੍ਰਿਟੀਜ਼ ਦੇ ਨਾਲ-ਨਾਲ ਆਤਿਫ ਅਸਲਮ, ਪੰਜਾਬੀ ਕਾਮੇਡੀਅਨ ਭਾਰਤੀ ਸਿੰਘ, ਰਾਹਤ ਫਤਹਿ ਅਲੀ ਖਾਨ, ਸੰਨੀ ਲਿਓਨ, ਅਲੀ ਅਸਗਰ, ਵਿਸ਼ਾਲ ਡਡਲਾਨੀ, ਟਾਈਗਰ ਸ਼ਰਾਫ, ਨੇਹਾ ਕੱਕੜ, ਐਲੀ ਅਵਰਾਮ, ਕ੍ਰਿਸ਼ਨਾ ਅਭਿਸ਼ੇਕ, ਨੁਸਰਤ ਭਰੂਚਾ ਆਦਿ ਸ਼ਾਮਲ ਹੋਏ ਸਨ।

ਪਤਾ ਲੱਗਾ ਹੈ ਕਿ ਮਹਾਦੇਵ ਐਪ ਚਲਾਉਣ ਵਾਲੇ ਸਿੰਡੀਕੇਟ ਨੂੰ ਹਰ ਮਹੀਨੇ ਲੱਗਭਗ 400 ਕਰੋੜ ਰੁਪਏ ਦੀ ਕਮਾਈ ਹੋ ਰਹੀ ਸੀ ਅਤੇ ਇਸ ਦੇ ਨਾਲ ਲੱਗਭਗ 4 ਹਜ਼ਾਰ ਲੋਕ ਜੁੜੇ ਹੋਏ ਸਨ। ਦੇਸ਼ ਭਰ ਵਿਚ ਇਸ ਦੀਆਂ 4 ਹਜ਼ਾਰ ਦੇ ਲੱਗਭਗ ਬ੍ਰਾਂਚਾਂ ਸਨ, ਜਿਨ੍ਹਾਂ ਦਾ ਸੰਚਾਲਨ ਜਲੰਧਰ ਦਾ ਰੀਅਲ ਅਸਟੇਟ ਕਾਰੋਬਾਰੀ ਕਮ ਸੱਟਾ ਕਿੰਗ ਕਰਦਾ ਸੀ। ਕੋਰਟ ਵਿਚ ਪੇਸ਼ ਕੀਤੀ ਗਈ ਚਾਰਜਸ਼ੀਟ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ।

ਖੇਡਾਂ ਤੋਂ ਲੈ ਕੇ ਚੋਣਾਂ ਤਕ ਵਿਚ ਪੈਸੇ ਦੀ ਵਰਤੋਂ–

ਮਹਾਦੇਵ ਬੈਟਿੰਗ ਐਪ ਕੁਝ ਸਾਲ ਪਹਿਲਾਂ ਤਿਆਰ ਕੀਤੀ ਗਈ ਸੀ, ਜੋ ਪਲੇਅ ਸਟੋਰ ’ਤੇ ਵੀ ਮੌਜੂਦ ਸੀ। ਇਸ ’ਤੇ ਯੂਜ਼ਰ ਪੋਕਰ, ਕਾਰਡ ਗੇਮਜ਼, ਚਾਂਸ ਗੇਮਜ਼ ਨਾਂ ਦੀਆਂ ਗੇਮਜ਼ ’ਤੇ ਪੈਸਾ ਲਾਉਂਦੇ ਸਨ ਅਤੇ ਇੱਥੇ ਉਨ੍ਹਾਂ ਦੇ ਪੈਸੇ ਨੂੰ ਡਬਲ ਤੋਂ ਲੈ ਕੇ ਜ਼ੀਰੋ ਤਕ ਕੀਤਾ ਜਾਂਦਾ ਸੀ।

ਇਸੇ ਐਪ ਰਾਹੀਂ ਕ੍ਰਿਕਟ ਤੋਂ ਲੈ ਕੇ ਫੁੱਟਬਾਲ ਵਰਗੀਆਂ ਖੇਡਾਂ ’ਚ ਸੱਟਾ ਤਾਂ ਲਾਇਆ ਹੀ ਜਾਂਦਾ ਸੀ, ਨਾਲ ਹੀ ਚੋਣਾਂ ਵਿਚ ਵੀ ਇਸ ਐਪ ਦੀ ਸੱਟਾ ਲਾਉਣ ਲਈ ਖੂਬ ਵਰਤੋਂ ਹੁੰਦੀ ਸੀ।

ਜਾਂਚ ਏਜੰਸੀਆਂ ਵੱਲੋਂ ਇਸ ਮਾਮਲੇ ’ਚ ਹੁਣ ਤਕ ਸੌਰਭ ਚੰਦਰਾਕਰ, ਰਵੀ ਉੱਪਲ, ਸ਼ੁਭਮ ਸੋਨੀ, ਚੰਦਰਭੂਸ਼ਣ ਵਰਮਾ, ਅਸੀਮ ਦਾਸ, ਸਤੀਸ਼ ਚੰਦਰਾਕਰ, ਭੂਪੇਸ਼ ਬਘੇਲ, ਨਿਤੀਸ਼ ਦੀਵਾਨ, ਵਿਕਾਸ ਛਾਪਰੀਆ, ਰੋਹਿਤ ਗੁਲਾਟੀ, ਵਿਸ਼ਾਲ ਆਹੂਜਾ, ਧੀਰਜ ਆਹੂਜਾ, ਅਨਿਲ ਦਮਾਨੀ, ਸੁਨੀਲ ਦਮਾਨੀ, ਭੀਮ ਸਿੰਘ ਯਾਦਵ, ਹਰੀ ਸ਼ੰਕਰ ਤਿੱਬਰਵਾਲ, ਸੁਰਿੰਦਰ ਬਾਗੜੀ, ਸੂਰਜ ਚੋਖਾਨੀ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਸਾਬਕਾ ਮੁੱਖ ਮੰਤਰੀ ਵੀ ਆ ਚੁੱਕੇ ਹਨ ਮਹਾਦੇਵ ਐਪ ਦੀ ਲਪੇਟ ’ਚ

ਲੱਗਭਗ ਇਕ ਸਾਲ ਪਹਿਲਾਂ ਮਹਾਦੇਵ ਐਪ ਘਪਲਾ ਸਾਹਮਣੇ ਆਇਆ ਸੀ, ਜਿਸ ਦੀ ਕੁਲ ਵੈਲਿਊ ਲੱਗਭਗ 15,000 ਕਰੋੜ ਦੱਸੀ ਜਾ ਰਹੀ ਹੈ। ਇਕੱਲੇ ਸੌਰਭ ’ਤੇ ਕਥਿਤ ਤੌਰ ’ਤੇ 6,000 ਕਰੋੜ ਰੁਪਏ ਦੇ ਹੇਰ-ਫੇਰ ਵਿਚ ਸ਼ਾਮਲ ਹੋਣ ਦੇ ਦੋਸ਼ ਹਨ। ਇਸ ਮਾਮਲੇ ’ਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦਾ ਨਾਂ ਵੀ ਆਇਆ ਹੈ। ਇਸ ਸਬੰਧੀ ਬਾਕਾਇਦਾ ਜਿਹੜੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ, ਉਸ ਵਿਚ ਵੀ ਬਘੇਲ ਦਾ ਨਾਂ ਸ਼ਾਮਲ ਹੈ। ਇਹ ਵੱਖਰੀ ਗੱਲ ਹੈ ਕਿ ਬਘੇਲ ਇਸ ਨੂੰ ਭਾਜਪਾ ਦੀ ਸਾਜ਼ਿਸ਼ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਨੇ ਹੀ ਉਨ੍ਹਾਂ ਨੂੰ ਫਸਾਉਣ ਲਈ ਈ. ਡੀ. ਨੂੰ ਹਦਾਇਤਾਂ ਦਿੱਤੀਆਂ ਹਨ।

ਮਹਾਦੇਵ ਐਪ ਰਾਹੀਂ ਆਇਆ ਪੈਸਾ ਸ਼ੇਅਰ ਬਾਜ਼ਾਰ ’ਚ ਵੀ ਇਨਵੈਸਟ–

ਪਤਾ ਲੱਗਾ ਹੈ ਕਿ ਈ. ਡੀ. ਤੇ ਹੋਰ ਜਾਂਚ ਏਜੰਸੀਆਂ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ, ਉਸ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮਹਾਦੇਵ ਐਪ ਰਾਹੀਂ ਇਕੱਠਾ ਕੀਤਾ ਗਿਆ ਪੈਸਾ ਸ਼ੇਅਰ ਬਾਜ਼ਾਰ ਵਿਚ ਵੀ ਇਨਵੈਸਟ ਕੀਤਾ ਗਿਆ ਸੀ। ਸੇਬੀ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਈ. ਡੀ. ਦੀ ਚਾਰਜਸ਼ੀਟ ਵਿਚ ਤਾਂ ਇਹ ਵੀ ਖੁਲਾਸਾ ਹੋਇਆ ਹੈ ਕਿ ਕਾਲੀ ਕਮਾਈ ਨੂੰ ਸਫੇਦ ਕਰਨ ਲਈ ਸ਼ੇਅਰ ਬਾਜ਼ਾਰ ਵਿਚ ਲੱਗਭਗ 1000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰਨ ਲਈ ਪ੍ਰਮੋਟਰਾਂ ਵੱਲੋਂ ਸੈੱਲ ਕੰਪਨੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਵਿਚ ਜ਼ਿਆਦਾਤਰ ਵਿਦੇਸ਼ੀ ਕੰਪਨੀਆਂ ਹਨ ਤਾਂ ਜੋ ਇਸ ਮਾਮਲੇ ’ਤੇ ਕਿਸੇ ਨੂੰ ਸ਼ੱਕ ਨਾ ਪਵੇ।


ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News