ਲੁਫਥਾਂਸਾ ਨੇ 103 ਭਾਰਤੀ ਏਅਰ ਹੋਸਟੈੱਸ ਨੂੰ ਨੌਕਰੀ ਤੋਂ ਕੱਢਿਆ, ਜਾਣੋ ਵਜ੍ਹਾ

Saturday, Feb 13, 2021 - 06:17 PM (IST)

ਲੁਫਥਾਂਸਾ ਨੇ 103 ਭਾਰਤੀ ਏਅਰ ਹੋਸਟੈੱਸ ਨੂੰ ਨੌਕਰੀ ਤੋਂ ਕੱਢਿਆ, ਜਾਣੋ ਵਜ੍ਹਾ

ਮੁੰਬਈ (ਭਾਸ਼ਾ) – ਜਰਮਨੀ ਦੀ ਏਅਰਲਾਈਨ ਲੁਫਥਾਂਸਾ ਨੇ ਭਾਰਤ ’ਚ ਰੱਖੇ ਗਏ 103 ਏਅਰ ਹੋਸਟੈੱਸ ਨੂੰ ‘ਨੌਕਰੀ ਦੀ ਗਾਰੰਟੀ’ ਮੰਗਣ ’ਤੇ ਨੌਕਰੀ ਤੋਂ ਕੱਢ ਦਿੱਤਾ ਹੈ। ਕੰਪਨੀ ਨੇ ਉਨ੍ਹਾਂ ਨੂੰ ਦੋ ਸਾਲ ਤੱਕ ਬਿਨਾਂ ਤਨਖਾਹ ਤੋਂ ਛੁੱਟੀ ’ਤੇ ਜਾਣ ਦਾ ਬਦਲ ਦਿੱਤਾ ਸੀ। ਮਾਮਲੇ ਨਾਲ ਜੁੜੇ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ।

ਸੂਤਰਾਂ ਨੇ ਕਿਹਾ ਕਿ ਇਹ ਕਰਮਚਾਰੀ ਏਅਰਲਾਈਨ ਨਾਲ ਇਕ ਨਿਸ਼ਚਿਤ ਕਾਂਟ੍ਰੈਕਟ ’ਤੇ ਕੰਮ ਕਰ ਰਹੇ ਸਨ ਅਤੇ ਇਨ੍ਹਾਂ ’ਚੋਂ ਕੁਝ 15 ਸਾਲ ਤੋਂ ਵੱਧ ਸਮੇਂ ਤੋਂ ਕੰਪਨੀ ਨਾਲ ਸਨ। ਲੁਫਥਾਂਸਾ ਦੇ ਇਕ ਬੁਲਾਰੇ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਗੰਭੀਰ ਵਿੱਤੀ ਪ੍ਰਭਾਵ ਕਾਰਣ ਏਅਰਲਾਈਨ ਲਈ ਪੁਨਰਗਠਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਹੈ। ਕੰਪਨੀ ਦਿੱਲੀ ਸਥਿਤ ਉਨ੍ਹਾਂ ਏਅਰ ਹੋਸਟੈੱਸ ਨੂੰ ਸੇਵਾ ਵਿਸਤਾਰ ਨਹੀਂ ਦੇ ਸਕਦੀ ਹੈ ਜੋ ਤੈਅ ਮਿਆਦ ਦੇ ਕਾਂਟ੍ਰੈਕਟ ’ਤੇ ਹਨ। ਹਾਲਾਂਕਿ ਬੁਲਾਰੇ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਕਰਮਚਾਰੀਆਂ ਨੂੰ ਕੰਮ ਤੋਂ ਕੱਢਿਆ ਗਿਆ ਹੈ।

ਇਹ ਵੀ ਪੜ੍ਹੋ : ਜਾਣੋ ਕਿਵੇਂ ਲੀਕ ਹੋ ਰਿਹੈ Koo ਐਪ ਤੋਂ ਉਪਭੋਗਤਾਵਾਂ ਦਾ ਡਾਟਾ, ਚੀਨੀ ਕੁਨੈਕਸ਼ਨ ਵੀ ਆਇਆ ਸਾਹਮਣੇ

ਕੀ ਕਹਿਣਾ ਹੈ ਕੰਪਨੀ ਦਾ

ਬੁਲਾਰੇ ਮੁਤਾਬਕ ਕਈ ਕਰਮਚਾਰੀਆਂ ਦੀਆਂ ਸੇਵਾਵਾਂ ’ਤੇ ਕੋਈ ਪ੍ਰਭਾਵ ਨਹੀਂ ਪਿਆ ਹੈ ਕਿਉਂਕਿ ਕੰਪਨੀ ਉਨ੍ਹਾਂ ਦੇ ਨਾਲ ਵੱਖ-ਵੱਖ ਸਮਝੌਤੇ ਕਰਨ ’ਚ ਸਫਲ ਰਹੀ ਹੈ। ਬਿਆਨ ’ਚ ਕਿਹਾ ਗਿਆ ਕਿ ਲੁਫਥਾਂਸਾ ਨੂੰ ਇਹ ਪੁਸ਼ਟੀ ਕਰਦੇ ਹੋਏ ਦੁੱਖ ਹੋ ਰਿਹਾ ਹੈ ਕਿ ਉਹ ਦਿੱਲੀ ਸਥਿਤ ਉਨ੍ਹਾਂ ਏਅਰ ਹੋਸਟੈੱਸ ਦੀਆਂ ਸੇਵਾਵਾਂ ਨੂੰ ਵਿਸਤਾਰ ਨਹੀਂ ਦੇ ਰਹੀ ਹੈ ਜੋ ਤੈਅ ਮਿਆਦ ਲਈ ਨੌਕਰੀ ’ਤੇ ਰੱਖੇ ਗਏ ਸਨ। ਕੋਰੋਨਾ ਵਾਇਰਸ ਮਹਾਮਾਰੀ ਦੇ ਗੰਭੀਰ ਵਿੱਤੀ ਪ੍ਰਭਾਵ ਨੇ ਲੁਫਥਾਂਸਾ ਦੇ ਸਾਹਮਣੇ ਏਅਰਲਾਈਨ ਦੇ ਪੁਨਰਗਠਨ ਤੋਂ ਇਲਾਵਾ ਕੋਈ ਬਦਲ ਨਹੀਂ ਛੱਡਿਆ ਹੈ। ਇਨ੍ਹਾਂ ਉਪਾਅ ’ਚ ਭਾਰਤ ਵਰਗੇ ਅਹਿਮ ਕੌਮਾਂਤਰੀ ਬਾਜ਼ਾਰ ਦੇ ਨਾਲ-ਨਾਲ ਜਰਮਨੀ ਅਤੇ ਯੂਰਪ ’ਚ ਵੀ ਕਰਮਚਾਰੀਆਂ ਨਾਲ ਸਬੰਧਤ ਕੀਤੇ ਗਏ ਉਪਾਅ ਸ਼ਾਮਲ ਹਨ।

ਇਹ ਵੀ ਪੜ੍ਹੋ : Valentine's Day 'ਤੇ Samsung ਦਾ ਤੋਹਫ਼ਾ, 10 ਹਜ਼ਾਰ ਦੇ ਕੈਸ਼ਬੈਕ ਤੇ ਖ਼ਰੀਦੋ ਫੋਨ ਅਤੇ ਟੈਬ

ਕੰਪਨੀ ਨੇ ਕਿਹਾ ਕਿ ਉਸ ਨੇ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ 2025 ਤੱਕ ਦੀਆਂ ਲੰਮੀ ਮਿਆਦ ਦੀਆਂ ਯੋਜਨਾਵਾਂ ’ਚ ਜਹਾਜ਼ਾਂ ਦੀ ਗਿਣਤੀ ’ਚ 150 ਦੀ ਕਟੌਤੀ ਕਰਨੀ ਹੋਵੇਗੀ। ਇਸ ਨਾਲ ਕੈਬਿਨ ਕਰੂ ਦੇ ਕਰਮਚਾਰੀਆਂ ਦੀ ਗਿਣਤੀ ’ਤੇ ਵੀ ਅਸਰ ਹੋਵੇਗਾ। ਇਨ੍ਹਾਂ ਸਭ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਨੂੰ ਸਰਕਾਰਾਂ ਵਲੋਂ ਕੌਮਾਂਤਰੀ ਯਾਤਰਾ ’ਤੇ ਲਗਾਈਆਂ ਗਈਆਂ ਪਾਬੰਦੀਆਂ ਨਾਲ ਕੈਬਿਨ ਕਰੂ ਦੇ ਕਰਮਚਾਰੀਆਂ ਕੋਲ ਖਾਸ ਕੰਮ ਨਹੀਂ ਬਚਿਆ ਹੈ।

ਇਹ ਵੀ ਪੜ੍ਹੋ : ਬਜਟ 'ਚ ਕੀਤੀਆਂ ਗਈਆਂ ਵਿਵਸਥਾਵਾਂ ਸਵੈ-ਨਿਰਭਰ ਭਾਰਤ ਨੂੰ ਉਤਸ਼ਾਹਿਤ ਕਰਨਗੀਆਂ : ਨਿਰਮਲਾ 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News