ਮਹੀਨੇ ਦੇ ਪਹਿਲੇ ਹੀ ਦਿਨ ਮਹਿੰਗਾਈ ਦੀ ਮਾਰ, ਅੱਜ ਤੋਂ ਇੰਨੇ ਰੁਪਏ ਮਹਿੰਗਾ ਹੋਇਆ LPG ਸਿਲੰਡਰ
Wednesday, Sep 01, 2021 - 01:04 PM (IST)
ਬਿਜ਼ਨੈੱਸ ਡੈਸਕ– ਸਤੰਬਰ ਮਹੀਨੇ ਦੇ ਪਹਿਲੇ ਹੀ ਦਿਨ ਮਹਿੰਗਾਈ ਨੇ ਲੋਕਾਂ ਨੂੰ ਜ਼ੋਰ ਦਾ ਝਟਕਾ ਦਿੱਤਾ ਹੈ। ਬਿਨਾਂ ਸਬਸੀਡੀ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ ’ਚ ਇਕ ਵਾਰ ਫਿਰ 25 ਰੁਪਏ ਦਾ ਵਾਧਾ ਹੋਇਆ ਹੈ। ਉਥੇ ਹੀ ਕਮਰਸ਼ਲ ਸਿਲੰਡਰ ਦੀ ਕੀਮਤ ’ਚ 75 ਰੁਪਏ ਦਾ ਵਾਧਾ ਹੋਇਆ ਹੈ। ਹੁਣ ਦਿੱਲੀ ’ਚ 14.2 ਕਿਲੋਗ੍ਰਾਮ ਦਾ ਐੱਲ.ਪੀ.ਜੀ. ਸਿਲੰਡਰ 884.5 ਰੁਪਏ ਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਇਹ 859.50 ਰੁਪਏ ਦਾ ਮਿਲ ਰਿਹਾ ਸੀ।
ਐੱਲ.ਪੀ.ਜੀ. ਗੈਸ ਸਿਲੰਡਰ ਦੀਆਂ ਕੀਮਤਾਂ ’ਚ ਵਾਧੇ ਦਾ ਇਹ ਲਗਾਤਾਰ ਦੂਜਾ ਮਹੀਨਾ ਹੈ। ਇਸ ਤੋਂ ਪਹਿਲਾਂ ਇਕ ਜੁਲਾਈ ਨੂੰ ਸਿਲੰਡਰ ਦੀਆਂ ਕੀਮਤਾਂ ’ਚ 25.50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਬਿਨਾਂ ਸਬਸੀਡੀ ਵਾਲੇ ਰਸੋਈ ਗੈਸ ਦੀਆਂ ਦਰਾਂ ’ਚ ਇਕ ਅਗਸਤ ਨੂੰ ਇਸੇ ਅਨੁਪਾਤ ’ਚ ਵਾਧਾ ਕੀਤਾ ਗਿਆ ਸੀ ਅਤੇ ਹੁਣ ਸਬਸੀਡੀ ਵਾਲੇ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧਾ ਕੀਤਾ ਗਿਆ ਹੈ।
ਇਸ ਸਾਲ ਘਰੇਲੂ ਸਿਲੰਡਰ 190 ਰੁਪਏ ਮਹਿੰਗਾ ਹੋਇਆ
ਇਕ ਜਨਵਰੀ ਤੋਂ ਲੈ ਕੇ ਅੱਜ ਤਕ ਇਨ੍ਹਾਂ 8 ਮਹੀਨਿਆਂ ’ਚ ਸਿਲੰਡਰ ਦੀਆਂ ਕੀਮਤਾਂ ’ਚ 190 ਰੁਪਏ ਦਾ ਵਾਧਾ ਹੋ ਚੁੱਕਾ ਹੈ। ਇਕ ਜਨਵਰੀ ਨੂੰ ਦਿੱਲੀ ’ਚ ਘਰੇਲੂ ਗੈਸ ਸਿਲੰਡਰ ਦੀ ਕੀਮਤ 694 ਰੁਪਏ ਸੀ ਜੋ ਕਿ ਹੁਣ ਵਧ ਕੇ 884.5 ਰੁਪਏ ’ਤੇ ਪਹੁੰਚ ਗਈ। ਸਾਲ 2021 ’ਚ ਫਰਵਰੀ ’ਚ ਸਿਲੰਡਰ ਦੀ ਕੀਮਤ ਵਧ ਕੇ 719 ਰੁਪਏ ਹੋ ਗਈ। ਇਸ ਤੋਂ ਬਾਅਦ ਸਿਲੰਡਰ ਦੀ ਕੀਮਤ 15 ਫਰਵਰੀ ਨੂੰ 769 ਰੁਪਏ, 25 ਫਰਵਰੀ ਨੂੰ 794 ਰੁਪਏ, 1 ਮਾਰਚ ਨੂੰ 819 ਰੁਪਏ, 1 ਅਪ੍ਰੈਲ ਨੂੰ 809 ਰੁਪਏ, 1 ਜੁਲਾਈ ਨੂੰ 834.5 ਰੁਪਏ, 18 ਅਗਸਤ ਨੂੰ 859.50 ਰੁਪਏ ਹੋ ਗਈ ਸੀ।