ਖੇਤੀਬਾੜੀ ਸੰਦਾਂ ਅਤੇ ਉਪਕਰਣਾਂ ਦੀਆਂ ਦੁਕਾਨਾਂ ਨੂੰ ਲਾਕਡਾਊਨ ਤੋਂ ਮਿਲੀ ਛੋਟ

Monday, Apr 06, 2020 - 11:44 PM (IST)

ਖੇਤੀਬਾੜੀ ਸੰਦਾਂ ਅਤੇ ਉਪਕਰਣਾਂ ਦੀਆਂ ਦੁਕਾਨਾਂ ਨੂੰ ਲਾਕਡਾਊਨ ਤੋਂ ਮਿਲੀ ਛੋਟ

ਨਵੀਂ ਦਿੱਲੀ - ਲਾਕਡਾਊਨ ਅਤੇ ਭਵਿੱਖ ਵਿਚ ਅਨਾਜ ਸੰਕਟ ਪੈਦਾ ਹੋਣ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਦੇ ਤਾਜ਼ਾ ਆਦੇਸ਼ਾਂ ਅਨੁਸਾਰ ਲਾਕਡਾਊਨ ਦੌਰਾਨ ਖੇਤੀਬਾੜੀ ਮਸ਼ੀਨਰੀ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਮਤਲਬ ਇਹ ਕਿ ਇਨ੍ਹਾਂ ਚੀਜ਼ਾਂ ਲਈ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ ਅਤੇ ਇਸ ਦੇ ਨਾਲ ਹੀ ਸਪਲਾਇਰਾਂ ਨੂੰ ਵੀ ਛੋਟ ਵਿਚ ਸ਼ਾਮਲ ਕੀਤਾ ਹੈ।

ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਨੇ ਫੈਸਲਾ ਲਿਆ ਹੈ ਕਿ ਖੇਤੀਬਾੜੀ ਉਪਕਰਣਾਂ ਦੀਆਂ ਦੁਕਾਨਾਂ ਨੂੰ ਲਾਕਡਾਊਨ ਤੋਂ ਛੋਟ ਦਿੱਤੀ ਜਾਵੇਗੀ, ਤਾਂ ਜੋ ਕਿਸਾਨਾਂ ਨੂੰ ਪ੍ਰੇਸ਼ਾਨੀ ਨਾ ਹੋਵੇ ਅਤੇ ਇਸ ਦੇ ਨਾਲ ਹੀ ਦੇਸ਼ ਲੋਕਾਂ ਨੂੰ ਅਨਾਜ ਦੀ ਘਾਟ ਨਾ ਹੋਵੇ। ਇਸ ਦੇ ਨਾਲ ਹੀ ਪੈਟਰੋਲ ਪੰਪ ਵੀ ਚਾਲੂ ਕੀਤੇ ਜਾਣਗੇ।

ਚਾਹ ਦੇ ਬਾਗਾਂ ਵਿਚ ਵੀ ਕੰਮਕਾਜ ਹੋਵੇਗਾ ਚਾਲੂ

ਇਸੇ ਤਰ੍ਹਾਂ ਚਾਹ ਦੇ ਬਾਗ ਜਿਹੜੇ ਲਾਕਡਾਊਨ ਕਾਰਣ ਬੰਦ ਹੋ ਗਏ ਸਨ, ਉਨ੍ਹਾਂ ਨੂੰ ਪੰਜਾਹ ਪ੍ਰਤੀਸ਼ਤ ਕਰਮਚਾਰੀ ਰੱਖ ਕੇ ਕੰਮ ਕਰਨ ਦੀ ਆਜ਼ਾਦੀ ਦਿੱਤੀ ਗਈ ਹੈ। 

ਇਸ ਕਾਰਨ ਸਰਕਾਰ ਨੇ ਜਾਰੀ ਕੀਤੇ ਇਹ ਆਦੇਸ਼

ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਵੱਖ-ਵੱਖ ਸੂਬਿਆਂ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ਤੋਂ ਪ੍ਰਤੀਕ੍ਰਿਆ ਮਿਲ ਰਹੀ ਹੈ ਕਿ ਖੇਤੀਬਾੜੀ ਦੇ ਸੰਦਾਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ।

ਜਿੱਥੋਂ ਤਕ ਚਾਹ ਦੇ ਬਗੀਚਿਆਂ ਦਾ ਸਵਾਲ ਹੈ, ਦਾਰਜੀਲਿੰਗ ਚਾਹ ਦੀ ਉਹ ਕਿਸਮ ਜਿਸ ਨੂੰ ਵਿਦੇਸ਼ ਵਿਚ ਸਪਲਾਈ ਕੀਤਾ ਜਾਂਦਾ ਹੈ ਉਹ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਚਾਹ ਦੇ ਬਗੀਚਿਆਂ ਦੇ ਬੰਦ ਹੋਣ ਕਾਰਨ ਆਉਣ ਵਾਲੇ ਸਮੇਂ ਵਿਚ ਚਾਹ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ ਨੂੰ ਦੇਖਦੇ ਹੋਏ ਸ਼ਨੀਵਾਰ ਨੂੰ ਗ੍ਰਹਿ ਮੰਤਰਾਲੇ ਨੇ ਕਿਸਾਨਾਂ ਨੂੰ ਇਹ ਛੋਟ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਦੇਖੋ : ਸਾਰੀਆਂ ਬੀਮਾ ਕੰਪਨੀਆਂ ਨੂੰ ਕੋਰੋਨਾ ਵਾਇਰਸ ਕਾਰਣ ਹੋਈ ਮੌਤ 'ਤੇ ਦੇਣਾ ਹੋਵੇਗਾ ਕਲੇਮ'


author

Harinder Kaur

Content Editor

Related News