''ਦਿਵਾਲੀਆ ਹੋਣ ਕੰਢੇ ਪੁੱਜੀ ਲਿਪਸਟਿਕ ਬਣਾਉਣ ਵਾਲੀ ਕੰਪਨੀ ਰੈਵਲੋਨ, ਸ਼ੇਅਰਾਂ ''ਚ ਆਈ 53 ਫੀਸਦੀ ਗਿਰਾਵਟ''
Saturday, Jun 11, 2022 - 08:32 PM (IST)

ਨਵੀਂ ਦਿੱਲੀ (ਇੰਟ.)–ਕਾਸਮੈਟਿਕਸ ਬਣਾਉਣ ਵਾਲੀ ਅਮਰੀਕੀ ਦੀ ਮਸ਼ਹੂਰ ਕੰਪਨੀ ਰੈਵਲੋਨ ਇੰਕ ਦਿਵਾਲੀਆ ਹੋਣ ਕੰਢੇ ਪਹੁੰਚ ਗਈ ਹੈ। ਕੰਪਨੀ ਅਗਲੇ ਹਫਤੇ ਬੈਂਕਰਪਸੀ ਲਈ ਅਰਜ਼ੀ ਦਾਖਲ ਕਰ ਸਕਦੀ ਹੈ। ਕੰਪਨੀ ਦੇ ਸ਼ੇਅਰਾਂ 'ਚ ਸ਼ੁੱਕਰਵਾਰ ਨੂੰ 53 ਫੀਸਦੀ ਦੀ ਗਿਰਾਵਟ ਆਈ। ਲਿਪਸਟਿਕ ਬਣਾਉਣ ਵਾਲੀ ਇਸ ਕੰਪਨੀ ਨੇ ਆਪਣੇ ਕਾਰੋਬਾਰ ਨੂੰ ਬਚਾਉਣ ਲਈ ਕਰਜ਼ਦਾਰਾਂ ਨਾਲ ਗੱਲ ਸ਼ੁਰੂ ਕੀਤੀ ਸੀ। ਇਕ ਰਿਪੋਰਟ ਮੁਤਾਬਕ ਮਾਰਚ ਦੇ ਅੱਧ ਤੱਕ ਕੰਪਨੀ 'ਤੇ 3.31 ਅਰਬ ਡਾਲਰ ਦਾ ਕਰਜ਼ਾ ਸੀ। ਹਾਲ ਹੀ ਦੇ ਮਹੀਨਿਆਂ 'ਚ ਮੇਕਅਪ ਪ੍ਰੋਡਕਟਸ ਦੀ ਮੰਗ 'ਚ ਤੇਜ਼ੀ ਆਈ ਹੈ ਕਿਉਂਕਿ ਲਾਕਡਾਊਨ ਦੀਆਂ ਪਾਬੰਦੀਆਂ ਖਤਮ ਹੋਣ ਤੋਂ ਬਾਅਦ ਲੋਕ ਬਾਹਰ ਨਿਕਲ ਰਹੇ ਹਨ ਪਰ ਰੈਵਲੋਨ ਨੂੰ ਦੂਜੇ ਬ੍ਰਾਂਡਸ ਨਾਲ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਰਚ 'ਚ ਕੰਪਨੀ ਨੇ ਕਿਹਾ ਸੀ ਕਿ ਉਸ ਨੂੰ ਸਪਲਾਈ ਚੇਨ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਹ ਮੰਗ ਪੂਰੀ ਨਹੀਂ ਕਰ ਪਾ ਰਹੀ ਹੈ। ਸਭ ਤੋਂ ਪਹਿਲਾਂ ਰੀਆਰਗ ਰਿਸਰਚ ਨੇ ਖਬਰ ਦਿੱਤੀ ਸੀ ਕਿ ਰੈਵਲੋਨ ਬੈਂਕਰਪਸੀ ਲਈ ਅਰਜ਼ੀ ਦਾਖਲ ਕਰਨ ਦੀ ਯੋਜਣਾ ਬਣਾ ਰਹੀ ਹੈ।
ਇਹ ਵੀ ਪੜ੍ਹੋ : ਇਟਲੀ ’ਚ ਹੈਲੀਕਾਪਟਰ ਹਾਦਸੇ ਵਾਲੀ ਥਾਂ ਦਾ ਲੱਗਾ ਪਤਾ
ਹੋ ਸਕਦੈ ਬਦਲਾਅ
ਸੂਤਰਾਂ ਮੁਤਾਬਕ ਰੈਵਲੋਨ ਬੈਂਕਰਪਸੀ ਅਰਜ਼ੀ ਲਈ ਗੱਲਬਾਤ ਕਰ ਰਹੀ ਹੈ ਪਰ ਹਾਲੇ ਇਹ ਫਾਈਨਲ ਨਹੀਂ ਹੈ ਅਤੇ ਇਸ 'ਚ ਬਦਲਾਅ ਹੋ ਸਕਦਾ ਹੈ। ਕੰਪਨੀ ਦੇ ਸ਼ੇਅਰਾਂ 'ਚ ਸ਼ੁੱਕਰਵਾਰ ਨੂੰ 53 ਫੀਸਦੀ ਦੀ ਗਿਰਾਵਟ ਆਈ। ਇਹ ਕੰਪਨੀ ਦੇ ਸ਼ੇਅਰਾਂ 'ਚ ਇਕ ਦਿਨ 'ਚ ਆਈ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਕੰਪਨੀ ਦਾ ਸ਼ੇਅਰ 2.05 ਡਾਲਰ 'ਤੇ ਬੰਦ ਹੋਇਆ। ਨਿਊਯਾਰਕ ਦੀ ਇਸ ਕੰਪਨੀ ਦਾ ਮਾਲਕਾਨਾ ਹੱਕ ਅਰਬਪਤੀ ਕਾਰੋਬਾਰੀ ਰਾਨ ਪੇਰੇਲਮੈਨ ਦੀ ਕੰਪਨੀ ਮੈਕਐਂਡ੍ਰਿਊਜ਼ ਐਂਡ ਫੋਰਬਸ ਕੋਲ ਹੈ।
ਇਹ ਵੀ ਪੜ੍ਹੋ :ਆਮ ਲੋਕਾਂ ਨੂੰ ਹਿਰਾਸਤ ’ਚ ਲੈ ਕੇ ਤਸੀਹੇ ਦੇ ਰਿਹੈ ਤਾਲਿਬਾਨ : HRW
150 ਦੇਸ਼ਾਂ 'ਚ ਕਾਰੋਬਾਰ
ਇਸ ਕੰਪਨੀ ਨੂੰ ਐੱਸ. ਟੀ. ਲਾਡਰ ਕਾਸ. ਅਤੇ ਦੂਜੀਆਂ ਛੋਟੀਆਂ ਕੰਪਨੀਆਂ ਨਾਲ ਸਖਤ ਮੁਕਾਬਲੇਬਾਜ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਕੰਪਨੀਆਂ ਗਾਹਕਾਂ ਨੂੰ ਲੁਭਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੀਆਂ ਹਨ। ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਹੀ ਕੰਪਨੀ ਦੀ ਵਿਕਰੀ 'ਚ ਗਿਰਾਵਟ ਆ ਰਹੀ ਸੀ ਅਤੇ ਰਹਿੰਦੀ ਕਸਰ ਕੋਰੋਨਾ ਨੇ ਪੂਰੀ ਕਰ ਦਿੱਤੀ। ਰੈਵਲੋਨ ਦੇ 15 ਤੋਂ ਵੱਧ ਬ੍ਰਾਂਡ ਹਨ, ਜਿਨ੍ਹਾਂ 'ਚ ਐਲੀਜ਼ਾਬੇਥ ਆਰਡੇਨ ਅਤੇ ਐਲੀਜ਼ਾਬੇਥ ਟੇਲਰ ਸ਼ਾਮਲ ਹਨ। ਕਰੀਬ 150 ਦੇਸ਼ਾਂ 'ਚ ਇਨ੍ਹਾਂ ਦੀ ਵਿਕਰੀ ਹੁੰਦੀ ਹੈ।
ਇਹ ਵੀ ਪੜ੍ਹੋ : ਪਾਕਿ 'ਚ ਖੋਤਿਆਂ ਦੀ ਵਧੀ ਆਬਾਦੀ, 57 ਲੱਖ ਹੋਈ ਗਿਣਤੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ