LIC ਨੇ ਸ਼ੁਰੂ ਕੀਤੀ ਵ੍ਹਟਸਐਪ ਬਾਟ ਰਾਹੀਂ ਪ੍ਰੀਮੀਅਮ ਭੁਗਤਾਨ ਦੀ ਆਨਲਾਈਨ ਸਹੂਲਤ
Sunday, May 11, 2025 - 05:14 AM (IST)

ਨਵੀਂ ਦਿੱਲੀ (ਭਾਸ਼ਾ) - ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਡਿਜੀਟਲ ਤਬਦੀਲੀ ਅਤੇ ਗਾਹਕ ਸਹੂਲਤ ਪਹਿਲ-ਕਦਮੀਆਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਦੇ ਹੋਏ ਵ੍ਹਟਸਐਪ ਬਾਟ ਰਾਹੀਂ ਪ੍ਰੀਮੀਅਮ ਭੁਗਤਾਨ ਦੀ ਆਨਲਾਈਨ ਸਹੂਲਤ ਲਾਂਚ ਕੀਤੀ।
ਐੱਲ. ਆਈ. ਸੀ. ਨੇ ਇਕ ਬਿਆਨ ’ਚ ਕਿਹਾ ਕਿ ਇਹ ਬਦਲ ਐੱਲ. ਆਈ. ਸੀ. ਗਾਹਕਾਂ ਨੂੰ ਪ੍ਰੀਮੀਅਮ ਦਾ ਆਨਲਾਈਨ ਭੁਗਤਾਨ ਕਰਨ ਦਾ ਇਕ ਹੋਰ ਮੌਕਾ ਪ੍ਰਦਾਨ ਕਰੇਗਾ। ਰਜਿਸਟਰਡ ਗਾਹਕ ਪੋਰਟਲ ਯੂਜ਼ਰਜ਼ ਵ੍ਹਟਸਐਪ ਨੰਬਰ ਦੀ ਵਰਤੋਂ ਕਰ ਕੇ ਭੁਗਤਾਨ ਲਈ ਦੇਣਯੋਗ ਪਾਲਿਸੀਆਂ ਦਾ ਪਤਾ ਲਾ ਸਕਦੇ ਹਨ ਅਤੇ ਵ੍ਹਟਸਐਪ ਬਾਟ ਅੰਦਰ ਯੂ. ਪੀ. ਆਈ./ਨੈੱਟਬੈਂਕਿੰਗ/ਕਾਰਡ ਰਾਹੀਂ ਸਿੱਧਾ ਭੁਗਤਾਨ ਕਰ ਸਕਦੇ ਹਨ।
ਇਸ ’ਚ ਕਿਹਾ ਗਿਆ ਹੈ ਕਿ ਪ੍ਰੀਮਿਅਮ ਲਈ ਦੇਣਯੋਗ ਪਾਲਿਸੀਆਂ ਦੀ ਪਛਾਣ ਕਰਨ ਤੋਂ ਲੈ ਕੇ ਭੁਗਤਾਨ ਅਤੇ ਰਸੀਦ ਬਣਾਉਣ ਤੱਕ ਦਾ ਪੂਰਾ ਗਾਹਕਾਂ ਦਾ ਸਫਰ ਵ੍ਹਟਸਐਪ ਬਾਟ ਅੰਦਰ ਹੁੰਦਾ ਹੈ।
ਇਸ ਮੌਕੇ ਬੋਲਦੇ ਹੋਏ ਐੱਲ. ਆਈ. ਸੀ. ਆਫ ਇੰਡੀਆ ਦੇ ਸੀ. ਈ. ਓ. ਅਤੇ ਐੱਮ. ਡੀ. ਸਿੱਧਾਰਥ ਮੋਹੰਤੀ ਨੇ ਕਿਹਾ ਕਿ ਇਹ ਬਦਲ ਗਾਹਕਾਂ ਲਈ ਸੰਚਾਲਨ ਨੂੰ ਆਸਾਨ ਬਣਾਵੇਗਾ ਅਤੇ ਉਹ ਕਿਸੇ ਵੀ ਸਥਾਨ, ਕਿਸੇ ਵੀ ਸਮੇਂ ਵ੍ਹਟਸਐਪ ਮਾਧਿਅਮ ਰਾਹੀਂ ਆਪਣੇ ਪ੍ਰੀਮੀਅਮ ਦਾ ਭੁਗਤਾਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਬਦਲ ਐੱਲ. ਆਈ. ਸੀ. ਦੇ ਗਾਹਕਾਂ ਨੂੰ ਬਿਹਤਰ ਸੇਵਾਵਾਂ ਯਕੀਨੀ ਬਣਾਉਂਦੇ ਹੋਏ ਯੋਗਤਾ ਅਤੇ ਉਤਪਾਦਕਤਾ ਵਧਾਉਣ ’ਚ ਮਦਦ ਕਰੇਗਾ।