ਸੋਨੇ ਤੇ ਚਾਂਦੀ ਦੀਆਂ ਕੀਮਤਾਂ ''ਚ ਗਿਰਾਵਟ, ਜਾਣੋ ਕੀ ਹੈ ਨਵਾਂ ਰੇਟ
Tuesday, Jul 28, 2020 - 05:35 PM (IST)
ਨਵੀਂ ਦਿੱਲੀ— ਕਮਜ਼ੋਰ ਗਲੋਬਲ ਮੰਗ ਕਾਰਨ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਅ 'ਚ ਗਿਰਾਵਟ ਆਈ। ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 187 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ ਵਿਚ 1,933 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ।
ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 52,846 ਰੁਪਏ ਪ੍ਰਤੀ 10 ਗ੍ਰਾਮ ਰਹੀ। ਪਿਛਲੇ ਸੈਸ਼ਨ ਵਿਚ ਸੋਨੇ ਦੀ ਬੰਦ ਕੀਮਤ 53,033 ਰੁਪਏ ਪ੍ਰਤੀ 10 ਗ੍ਰਾਮ ਸੀ।
ਚਾਂਦੀ ਦੀ ਕੀਮਤ ਵੀ 1,933 ਰੁਪਏ ਦੀ ਗਿਰਾਵਟ ਨਾਲ 64,297 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਪਿਛਲੇ ਸੈਸ਼ਨ 'ਚ ਇਕ ਕਿਲੋ ਚਾਂਦੀ 66,230 ਰੁਪਏ ਦੇ ਪੱਧਰ 'ਤੇ ਬੰਦ ਹੋਈ ਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨਾ 1923 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੀ ਕੀਮਤ 23.60 ਡਾਲਰ ਪ੍ਰਤੀ ਔਸ 'ਤੇ ਰਹੀ। ਮਾਹਰਾਂ ਦੇ ਅਨੁਸਾਰ, ਡਾਲਰ ਦੀ ਮਜ਼ਬੂਤੀ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਮੁਨਾਫਾਖੋਰੀ ਵੇਖੀ ਗਈ।
ਵਾਇਦਾ ਕੀਮਤਾਂ 'ਚ ਵੀ ਨਰਮੀ
ਕਮਜ਼ੋਰ ਹਾਜ਼ਰ ਮੰਗ ਕਾਰਨ ਵਾਇਦਾ ਕਾਰੋਬਾਰ 'ਚ ਵੀ ਅਗਸਤ ਮਹੀਨੇ 'ਚ ਡਿਲਿਵਰੀ ਵਾਲੇ ਸੋਨੇ ਦੀ ਕੀਮਤ 362 ਰੁਪਏ ਯਾਨੀ 0.69 ਫੀਸਦੀ ਘੱਟ ਕੇ 51,739 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਈ। ਸੋਨੇ ਦੇ ਅਕਤੂਬਰ ਡਿਲਿਵਰੀ ਵਾਲੇ ਸੌਦੇ ਦੀ ਕੀਮਤ 322 ਰੁਪਏ ਯਾਨੀ 0.62 ਫੀਸਦੀ ਦੀ ਗਿਰਾਵਟ ਨਾਲ 51,930 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਉੱਥੇ ਹੀ, ਨਿਊਯਾਰਕ 'ਚ ਸੋਨਾ 0.54 ਫੀਸਦੀ ਦੀ ਗਿਰਾਵਟ ਨਾਲ 1,944.90 ਡਾਲਰ ਪ੍ਰਤੀ ਔਂਸ 'ਤੇ ਰਿਹਾ।