ਚਿਪ ਦੀ ਕਮੀ, ਕਾਰਾਂ ਦੀ ਸੇਲ ਘਟੀ, ਪਸੰਦੀਦਾਂ ਗੱਡੀ ਲਈ ਲੰਮੀ ਹੋਵੇਗੀ ਉਡੀਕ!
Thursday, Sep 02, 2021 - 10:17 AM (IST)
ਨਵੀਂ ਦਿੱਲੀ- ਸੈਮੀਕੰਡਕਟਰ ਦੀ ਕਮੀ ਕਾਰਨ ਪਸੰਦੀਦਾਂ ਕਾਰ ਲਈ ਗਾਹਕਾਂ ਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਗਲੋਬਲ ਪੱਧਰ 'ਤੇ ਸੈਮੀਕੰਡਕਟਰ ਦੀ ਘਾਟ ਕਾਰਨ ਕਾਰ ਨਿਰਮਾਤਾਵਾਂ ਨੂੰ ਆਪਣੇ ਉਤਪਾਦਨ ਵਿਚ ਵੀ ਕਟੌਤੀ ਕਰਨੀ ਪਈ ਹੈ। ਉੱਥੇ ਹੀ, ਅਗਸਤ ਵਿਚ ਕਾਰਾਂ ਦੀ ਵਿਕਰੀ ਰਫ਼ਤਾਰ ਥੋੜ੍ਹੀ ਹੌਲੀ ਹੋਈ ਹੈ। ਯਾਤਰੀ ਵਾਹਨਾਂ ਦੀ ਵਿਕਰੀ ਨੂੰ ਦੇਸ਼ ਦੇ ਆਰਥਿਕ ਨਜ਼ਰੀਏ ਦਾ ਅਹਿਮ ਸੰਕੇਤਕ ਮੰਨਿਆ ਜਾਂਦਾ ਹੈ। ਮਹਿੰਦਰਾ ਐਂਡ ਮਹਿੰਦਰਾ ਵਿਚ ਆਟੋਮੋਟਿਵ ਇਕਾਈ ਦੇ ਮੁੱਖ ਕਾਰਜਕਾਰੀ ਵਿਜੇ ਨਾਕਰਾ ਨੇ ਕਿਹਾ, ''ਯਾਤਰੀ ਵਾਹਨਾਂ ਦੀ ਵਿਕਰੀ ਅਗਸਤ ਵਿਚ ਪਿਛਲੇ ਮਹੀਨੇ ਦੀ ਤੁਲਨਾ ਵਿਚ 17 ਫ਼ੀਸਦੀ ਵਧੀ ਹੈ ਪਰ ਸੈਮੀਕੰਡਕਟਰ ਦੀ ਘਾਟ ਲਗਾਤਾਰ ਬਣੀ ਹੋਈ ਹੈ ਜੋ ਵਾਹਨ ਉਦਯੋਗ ਲਈ ਚਿੰਤਾ ਦਾ ਵਿਸ਼ਾ ਹੈ।
ਉੱਥੇ ਹੀ, ਦੇਸ਼ ਦੀ ਮੋਹਰੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਦੀ ਵਿਕਰੀ ਅਗਸਤ ਵਿਚ 19 ਫ਼ੀਸਦੀ ਘੱਟ ਕੇ 1,30,699 ਇਕਾਈ ਰਹੀ। ਜੁਲਾਈ ਵਿਚ ਕੰਪੀ ਨੇ 1,62,462 ਕਾਰਾਂ ਵੇਚੀਆਂ ਸਨ। ਸਤੰਬਰ ਵਿਚ ਵੀ ਕੰਪਨੀ ਦੇ ਉਤਪਾਦਨ ਵਿਚ ਕਮੀ ਆਉਣ ਦਾ ਖ਼ਦਸ਼ਾ ਹੈ ਕਿਉਂਕਿ ਮਾਰੂਤੀ ਸੁਜ਼ੂਕੀ ਨੇ ਆਪਣੇ ਉਥਪਾਦਨ ਵਿਚ 60 ਫ਼ੀਸਦੀ ਕਟੌਤੀ ਦੀ ਘੋਸ਼ਣਾ ਕੀਤੀ ਹੈ। ਇਸ ਦੀ ਵਜ੍ਹਾ ਸਭ ਤੋਂ ਵੱਡੀ ਚਿਪ ਸਪਲਾਈਕਰਤਾ ਕੰਪਨੀ ਬੌਸ਼ ਨੇ ਮਲੇਸ਼ੀਆ ਵਿਚ ਮਹਾਮਾਰੀ ਕਾਰਨ ਆਪਣਾ ਪਲਾਂਟ ਬੰਦ ਕਰ ਦਿੱਤਾ ਹੈ।
ਆਲਟੋ ਅਤੇ ਐਸਪ੍ਰੈਸੋ ਦੀ ਵਿਕਰੀ 20,461 ਯੂਨਿਟਸ ਰਹੀ, ਜਦੋਂ ਕਿ ਵੈਗਨ ਆਰ, ਸਵਿਫਟ, ਬਲੇਨੋ, ਸੇਲੇਰੀਓ, ਇਗਨਿਸ਼, ਡਿਜ਼ਾਇਰ ਅਤੇ ਟੂਰ ਐਸ ਦੀ ਕੁੱਲ ਵਿਕਰੀ 45,557 ਯੂਨਿਟ ਰਹੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 26.43 ਫ਼ੀਸਦੀ ਘੱਟ ਹੈ। ਕੰਪਨੀ ਨੇ ਕਿਹਾ ਕਿ ਇਲੈਕਟ੍ਰਾਨਿਕ ਪਾਰਟਸ ਦੀ ਕਮੀ ਕਾਰਨ ਅਗਸਤ ਵਿਚ ਕਾਰਾਂ ਦੀ ਵਿਕਰੀ ਪ੍ਰਭਾਵਿਤ ਹੋਈ। ਕੰਪਨੀ ਇਸ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਹੁੰਡਈ ਦੀ ਘਰੇਲੂ ਬਾਜ਼ਾਰ ਵਿਚ ਵਿਕਰੀ ਸਿਰਫ 2 ਫ਼ੀਸਦੀ ਵੱਧ ਕੇ 46,866 ਕਾਰਾਂ ਦੀ ਰਹੀ। ਕੰਪਨੀ ਨੇ ਕਿਹਾ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ 45,809 ਕਾਰਾਂ ਦੀ ਵਿਕਰੀ ਹੋਈ ਸੀ। ਟਾਟਾ ਮੋਟਰਜ਼ ਨੇ ਅਗਸਤ ਵਿਚ ਘਰੇਲੂ ਬਾਜ਼ਾਰ ਵਿਚ 28,018 ਕਾਰਾਂ ਵੇਚੀਆਂ, ਜੋ ਪਿਛਲੇ ਸਾਲ ਅਗਸਤ ਵਿਚ 18,583 ਦੇ ਮੁਕਾਬਲੇ 51 ਫ਼ੀਸਦੀ ਜ਼ਿਆਦਾ ਹਨ ਪਰ ਸੈਮੀਕੰਡਕਟਰਾਂ ਦੀ ਘਾਟ ਕਾਰਨ ਟਾਟਾ ਮੋਟਰਜ਼ ਦੀ ਵਿਕਰੀ ਜੁਲਾਈ ਦੇ ਮੁਕਾਬਲੇ 7 ਫ਼ੀਸਦੀ ਘੱਟ ਰਹੀ ਹੈ। ਸੈਮੀਕੰਡਕਟਰ ਦੀ ਘਾਟ ਕਾਰਨ ਟਾਟਾ ਮੋਟਰਜ਼ ਨੂੰ ਵੀ ਉਤਪਾਦਨ ਰਫ਼ਤਾਰ ਘੱਟ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਟਾਟਾ ਮੋਟਰਜ਼ ਨੇ ਕਿਹਾ ਕਿ ਸਥਿਤੀ ਗੰਭੀਰ ਹੈ ਅਤੇ ਅਸੀਂ ਇਸ ਪ੍ਰਭਾਵ ਨੂੰ ਘੱਟ ਕਰਨ ਦਾ ਯਤਨ ਕਰ ਰਹੇ ਹਾਂ।