ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਨਾਲ ਪਿੰਡਾਂ ’ਤੇ ਅਸਰ, ਟਰੈਕਟਰ ਦੀ ਵਿਕਰੀ ਹੋਵੇਗੀ ਪ੍ਰਭਾਵਿਤ : ਐਸਕਾਰਟਸ
Monday, May 17, 2021 - 11:49 AM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨਾਲ ਪਿੰਡਾਂ ਦੇ ਪ੍ਰਭਾਵਿਤ ਹੋਣ ਨਾਲ ਛੋਟੀ ਮਿਆਦ ’ਚ ਟਰੈਕਟਰ ਦੀ ਵਿਕਰੀ ਪ੍ਰਭਾਵਿਤ ਹੋਵੇਗੀ। ਹਾਲਾਂਕਿ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ’ਚ ਸਥਿਤੀ ਬਿਹਤਰ ਹੋਣ ਅਤੇ ਤੇਜ਼ੀ ਦੀ ਉਮੀਦ ਹੈ ਅਤੇ ਉਦਯੋਗ ’ਚ ਇਕਹਿਰੇ ਅੰਕ ’ਚ ਹੀ ਸਹੀ ਪਰ ਚੰਗਾ ਵਾਧਾ ਹੋਵੇਗਾ। ਖੇਤੀਬਾੜੀ ਉਪਕਰਣ ਬਣਾਉਣ ਵਾਲੀ ਐਸਕਾਰਟਸ ਦੇ ਇਕ ਉੱਚ ਅਧਿਕਾਰੀ ਨੇ ਇਹ ਕਿਹਾ।
ਕੰਪਨੀ ਦਾ ਜਾਪਾਨ ਦੀ ਕੁਬੋਤਾ ਨਾਲ ਸਾਂਝਾ ਉੱਦਮ ਹੈ। ਉਹ 2021-22 ’ਚ ਬਰਾਮਦ ’ਚ 55 ਫ਼ੀਸਦੀ ਵਾਧੇ ਦੀ ਉਮੀਦ ਕਰ ਰਹੀ ਹੈ। ਬਰਾਮਦ ’ਚ ਯੂਰਪ ਦੀ ਪ੍ਰਮੁੱਖ ਹਿੱਸੇਦਾਰੀ ਹੋਵੇਗੀ। ਇਸ ਤੋਂ ਇਲਾਵਾ ਕੰਪਨੀ ਦੀ ਦੱਖਣ-ਪੂਰਬ ਏਸ਼ੀਆ ਅਤੇ ਬ੍ਰਾਜ਼ੀਲ ਦੇ ਬਾਜ਼ਾਰਾਂ ’ਚ ਵੀ ਆਪਣੇ ਭਾਈਵਾਲਾਂ ਦੇ ਜਰੀਏ ਦਸਤਕ ਦੇਣ ਦੀ ਯੋਜਨਾ ਹੈ। ਐਸਕਾਰਟਸ ਲਿ. ਦੇ ਸੀ. ਐੱਫ. ਓ. (ਮੁੱਖ ਵਿੱਤ ਅਧਿਕਾਰੀ) ਭਰਤ ਮਦਨ ਨੇ ਕਿਹਾ, ‘‘ਕੋਵਿਡ-19 ਦੇ ਪਹਿਲੇ ਪੜਾਅ ’ਚ ਪਿੰਡਾਂ ’ਚ ਕੋਈ ਅਸਰ ਨਹੀਂ ਸੀ ਪਰ ਇਸ ਵਾਰ ਇਹ ਪਿੰਡਾਂ ਤੱਕ ਫੈਲਿਆ ਹੈ। ਇਹ ਨਾ ਸਿਰਫ ਸ਼ਹਿਰੀ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਸਗੋਂ ਸੂਬਿਆਂ ਵੱਲੋਂ ਆਪਣੇ ਪੱਧਰ ’ਤੇ ਲਾਏ ਗਏ ‘ਲਾਕਡਾਊਨ’ ਦੀ ਵਜ੍ਹਾ ਨਾਲ ਸ਼ੋ-ਰੂਮ ਅਤੇ ਸਹਿਯੋਗੀ ਹਿੱਸੇਦਾਰਾਂ ਦੀਆਂ ਦੁਕਾਨਾਂ ਵੀ ਬੰਦ ਹਨ। ਨਿਸ਼ਚਿਤ ਰੂਪ ’ਚ ਇਸ ਦਾ ਸਾਰਿਆਂ ’ਤੇ ਗੰਭੀਰ ਪ੍ਰਭਾਵ ਪਵੇਗਾ।’’ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਮਹਾਮਾਰੀ ਦੀ ਦੂਜੀ ਲਹਿਰ ਦਾ ਟਰੈਕਟਰ ਵਿਕਰੀ ’ਤੇ ਕੀ ਅਸਰ ਪਵੇਗਾ। ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਛੋਟੀ ਮਿਆਦ ’ਚ ਇਸ ਦਾ ਅਸਰ ਹੋਵੇਗਾ। ਪਹਿਲੀ ਤਿਮਾਹੀ ’ਚ ਇਸ ਦਾ ਪ੍ਰਭਾਵ ਨਿਸ਼ਚਿਤ ਰੂਪ ’ਚ ਪਵੇਗਾ ਪਰ ਦੂਜੀ ਛਿਮਾਹੀ ’ਚ ਪਿਛਲੇ ਸਾਲ ਵਾਂਗ ਮੰਗ ਆਉਣੀ ਚਾਹੀਦੀ ਹੈ। ਲਾਕਡਾਊਨ ਕਾਰਨ ਜਿਸ ਮੰਗ ’ਤੇ ਅਸਰ ਪਿਆ ਸੀ, ਉਹ ਦੂਜੀ ਛਿਮਾਹੀ ’ਚ ਬਾਹਰ ਆਈ ਸੀ। ’’