ਕੂ ਦੀ ਨਾਈਜ਼ੀਰੀਆ ਦੇ ਬਾਜ਼ਾਰ ’ਚ ਵਿਸਤਾਰ ਦੀ ਤਿਆਰੀ, ਸਥਾਨਕ ਭਾਸ਼ਾਵਾਂ ਜੋੜੇਗੀ
Sunday, Jun 06, 2021 - 11:42 AM (IST)
ਨਵੀਂ ਦਿੱਲੀ (ਭਾਸ਼ਾ) – ਕੂ ਨੇ ਕਿਹਾ ਕਿ ਹੁਣ ਭਾਰਤੀ ਮਾਈਕ੍ਰੋਬਲਾਗਿੰਗ ਮੰਚ ਨਾਈਜ਼ੀਰੀਆ ’ਚ ਵੀ ਉਪਲਬਧ ਹੈ। ਇਸ ਦੇ ਨਾਲ ਹੀ ਕੂ ਨੇ ਕਿਹਾ ਕਿ ਉਹ ਨਾਈਜ਼ੀਰੀਆ ’ਚ ਯੂਜ਼ਰਜ਼ ਲਈ ਨਵੀਂਆਂ ਸਥਾਨਕ ਭਾਸ਼ਾਵਾਂ ਜੋੜਨ ਦੀ ਇਛੁੱਕ ਹੈ। ਇਹ ਘਟਨਾਕ੍ਰਮ ਇਸ ਨਜ਼ਰੀਏ ਨਾਲ ਅਹਿਮ ਹੈ ਕਿ ਨਾਈਜ਼ੀਰੀਆ ਸਰਕਾਰ ਨੇ ਕੂ ਦੀ ਮੁਕਾਬਲੇਬਾਜ਼ ਟਵਿੱਟਰ ’ਤੇ ਦੇਸ਼ ’ਚ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ।
ਕੂ ਦੇ ਇਕ ਪੋਸਟ ’ਚ ਇਸ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਪ੍ਰਮੇਯ ਰਾਧਾਕ੍ਰਿਸ਼ਨ ਨੇ ਕਿਹਾ ਕਿ ਇਹ ਮੰਚ ਹੁਣ ਨਾਈਜ਼ੀਰੀਆ ’ਚ ਉਪਲਬਧ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਉੱਥੇ ਸਥਾਨਕ ਭਾਸ਼ਾਵਾਂ ਜੋੜਨ ’ਤੇ ਵਿਚਾਰ ਕਰ ਰਹੇ ਹਾਂ। ਰਾਧਾਕ੍ਰਿਸ਼ਨ ਨੇ ਕਿਹਾ ਕਿ ਹੁਣ ਸਾਡੇ ਲਈ ਨਾਈਜ਼ੀਰੀਆ ’ਚ ਮੌਕਾ ਹੈ। ਕੂ ਦਾ ਇਰਾਦਾ ਐਪ ’ਚ ਸਥਾਨਕ ਨਾਈਜ਼ੀਰੀਆਈ ਭਾਸ਼ਾਵਾਂ ਜੋੜਨ ਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਮੰਚ ਨਾਈਜ਼ੀਰੀਆ ਦੇ ਬਾਜ਼ਾਰ ’ਚ ਵਿਸਤਾਰ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਕੂ ਆਪਣੇ ਆਪ੍ਰੇਟਿੰਗ ਵਾਲੇ ਦੇਸ਼ਾਂ ’ਚ ਸਥਾਨਕ ਕਾਨੂੰਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੇਗੀ।