ਕਿਸਾਨਾਂ ਨੂੰ ਇਸ ਸਕੀਮ 'ਚ ਮਿਲਦੈ ਸਭ ਤੋਂ ਸਸਤਾ ਲੋਨ, ਜਾਣੋ ਖਾਸ ਗੱਲਾਂ

Monday, Mar 02, 2020 - 03:33 PM (IST)

ਕਿਸਾਨਾਂ ਨੂੰ ਇਸ ਸਕੀਮ 'ਚ ਮਿਲਦੈ ਸਭ ਤੋਂ ਸਸਤਾ ਲੋਨ, ਜਾਣੋ ਖਾਸ ਗੱਲਾਂ

ਨਵੀਂ ਦਿੱਲੀ— ਕਿਸਾਨ ਕ੍ਰੈਡਿਟ ਕਾਰਡ 'ਤੇ ਕਿਸਾਨਾਂ ਨੂੰ ਸਭ ਤੋਂ ਸਸਤਾ ਲੋਨ ਮਿਲਦਾ ਹੈ। ਬਿਨਾਂ ਕੁਝ ਗਿਰਵੀ ਰੱਖੇ ਹੁਣ 1.60 ਲੱਖ ਰੁਪਏ ਤੱਕ ਦਾ ਖੇਤੀਬਾੜੀ ਲੋਨ ਮਿਲ ਰਿਹਾ ਹੈ, ਜਦੋਂ ਕਿ ਪਹਿਲਾਂ ਇਸ ਤਰ੍ਹਾਂ ਸਿਰਫ 1 ਲੱਖ ਰੁਪਏ ਹੀ ਲੋਨ ਮਿਲਦਾ ਸੀ। ਸਰਕਾਰ ਨੇ 20,000 ਕਰੋੜ ਰੁਪਏ ਕੇ. ਸੀ. ਸੀ. ਕਾਰਡ ਧਾਰਕਾਂ ਨੂੰ ਸਸਤੀ ਦਰ 'ਤੇ ਲੋਨ ਦਿਵਾਉਣ ਲਈ ਰੱਖੇ ਹਨ। ਇੰਨਾ ਹੀ ਨਹੀਂ ਤਿੰਨ ਲੱਖ ਰੁਪਏ ਤੱਕ ਦੇ ਲੋਨ 'ਤੇ ਸਰਵਿਸ ਚਾਰਜ ਵੀ ਨਹੀਂ ਹੈ।



ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰ ਕਿਸਾਨਾਂ ਨੂੰ 'ਕਿਸਾਨ ਕ੍ਰੈਡਿਟ ਕਾਰਡ (ਕੇ. ਸੀ. ਸੀ.)' ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਕਿਸਾਨ ਕ੍ਰੈਡਿਟ ਕਾਰਡ ਲਈ ਕੇ. ਸੀ. ਸੀ. ਫਾਰਮ ਪੀ. ਐੱਮ. ਕਿਸਾਨ ਪੋਰਟਲ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। 6 ਫਰਵਰੀ 2020 ਤੱਕ ਕਿਸਾਨ ਕ੍ਰੈਡਿਟ ਕਾਰਡ ਧਾਰਕਾਂ ਦੀ ਗਿਣਤੀ 6.7 ਕਰੋੜ ਤੋਂ ਉਪਰ ਪਹੁੰਚ ਗਈ ਹੈ। ਸਰਕਾਰ ਦਾ ਮਕਸਦ ਪੀ. ਐੱਮ. ਕਿਸਾਨ ਯੋਜਨਾ ਦੇ ਸਾਰੇ ਕਿਸਾਨਾਂ ਨੂੰ ਇਸ ਨਾਲ ਜੋੜਨਾ ਹੈ, ਤਾਂ ਜੋ ਉਹ ਇਸ ਜ਼ਰੀਏ ਸਸਤਾ ਲੋਨ ਲੈ ਸਕਣ ਤੇ ਸ਼ਾਹੂਕਾਰਾਂ ਜਾਂ ਵਾਧੂ ਵਿਆਜ ਦਰਾਂ ਕਾਰਨ ਉਨ੍ਹਾਂ ਨੂੰ ਵਿੱਤੀ ਤੌਰ 'ਤੇ ਬੋਝ ਨਾ ਮਹਿਸੂਸ ਹੋਵੇ। ਇਸ ਨਾਲ ਕਿਸਾਨਾਂ ਦੀ ਇਨਕਮ 'ਚ ਵੀ ਸੁਧਾਰ ਹੋਵੇਗਾ।

ਕਿੰਨਾ ਸਸਤਾ ਮਿਲਦਾ ਹੈ ਲੋਨ-
ਕਿਸਾਨਾਂ ਨੂੰ 7 ਫੀਸਦੀ ਵਿਆਜ 'ਤੇ 3 ਲੱਖ ਰੁਪਏ ਤਕ ਦਾ ਸ਼ਾਰਟ ਟਰਮ ਖੇਤੀਬਾੜੀ ਲੋਨ ਮਿਲਦਾ ਹੈ ਤੇ ਜੋ ਕਿਸਾਨ ਸਮੇਂ 'ਚ ਕਿਸ਼ਤਾਂ ਚੁਕਾ ਦਿੰਦੇ ਹਨ ਉਨ੍ਹਾਂ ਨੂੰ 3 ਫੀਸਦੀ ਦੀ ਵਾਧੂ ਛੋਟ ਮਿਲਦੀ ਹੈ। ਇਸ ਤਰ੍ਹਾਂ ਸਮੇਂ 'ਤੇ ਕਰਜ਼ਾ ਚੁਕਾਉਣ ਵਾਲੇ ਕਿਸਾਨਾਂ ਨੂੰ ਸਿਰਫ 4 ਫੀਸਦੀ ਦਰ ਨਾਲ ਹੀ ਵਿਆਜ ਭਰਨਾ ਪੈਂਦਾ ਹੈ। ਦੱਸਣਯੋਗ ਹੈ ਕਿ ਚੰਗੇ ਕ੍ਰੈਡਿਟ ਸਕੋਰਾਂ ਵਾਲੇ ਕਿਸਾਨਾਂ ਨੂੰ ਹੀ ਵਿਆਜ ਦਰਾਂ 'ਤੇ ਵਾਧੂ ਸਬਸਿਡੀ ਜਾਂ ਛੋਟ ਮਿਲਦੀ ਹੈ। ਕ੍ਰੈਡਿਟ ਸਕੋਰ ਜਿੰਨਾ ਚੰਗਾ ਰਹਿੰਦਾ ਹੈ ਬੈਂਕ ਵੱਲੋਂ ਲਿਮਟ ਵੀ ਵਧਾ ਦਿੱਤੀ ਜਾਂਦੀ ਹੈ।


Related News