ਕੇਰਲ ਹੜ੍ਹ: ਘਰਾਂ ਦੀ ਮੁਰੰਮਤ ਲਈ SBI ਅਤੇ ਮੁਥੂਟ ਦੇ ਰਹੇ ਹਨ ਸਸਤੇ ਲੋਨ

09/08/2018 4:35:38 PM

ਨਵੀਂ ਦਿੱਲੀ—ਕੇਰਲ 'ਚ ਹੜ੍ਹ ਨਾਲ ਤਬਾਹੀ ਦੇ ਬਾਅਦ ਦੇਸ਼ ਭਰ 'ਚ ਕਈ ਲੋਕਾਂ ਅਤੇ ਸੰਸਥਾਵਾਂ ਨੇ ਮਦਦ ਲਈ ਹੱਥ ਅੱਗੇ ਵਧਾਏ ਹਨ। ਉੱਧਰ ਐੱਲ.ਆਈ.ਸੀ. ਹਾਊਸਿੰਗ ਫਾਈਨੈਂਸ, ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ) ਅਤੇ ਮੁਥੂਟ ਹੋਮ ਨੇ ਕੇਰਲ ਦੇ ਹੜ੍ਹ ਪ੍ਰਭਾਵਿਤ ਘਰਾਂ ਦੀ ਮੁਰੰਮਤ ਅਤੇ ਮੁੜ-ਨਿਰਮਾਣ 'ਚ ਮਦਦ ਕਰਨ ਲਈ ਘੱਟ ਦਰਾਂ 'ਤੇ ਲੋਨ ਦੇਣ ਦੀ ੇਪੇਸ਼ਕਸ਼ ਕੀਤੀ ਹੈ।
ਐੱਸ.ਬੀ.ਆਈ ਵਲੋਂ ਕੇਰਲ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਘਰਾਂ ਦੀ ਮੁਰੰਮਤ ਦੇ ਲਈ 8.45 ਫੀਸਦੀ ਦੀ ਦਰ ਨਾਲ 10 ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾ ਰਿਹਾ ਹੈ। ਬੈਂਕ ਵਲੋਂ ਇਸ ਦੇ ਲਈ ਕੋਈ ਪ੍ਰੋਸੈਸਿੰਗ ਡਿਊਟੀ ਨਹੀਂ ਲਈ ਜਾਵੇਗੀ। 30 ਨਵੰਬਰ 2018 ਤੋਂ ਪਹਿਲਾਂ ਆਉਣ ਵਾਲੀ ਅਰਜ਼ੀ ਲਈ ਇਹ ਲਾਗੂ ਹੋਵੇਗਾ। 
ਮੁਥੂਟ ਹੋਮ ਵੀ 10 ਲੱਖ ਰੁਪਏ ਤੱਕ ਦੇ ਲੋਨ ਦੇ ਰਿਹਾ ਹੈ ਜਿਸ ਲਈ 20 ਸਾਲ ਤੱਕ ਦਾ ਭੁਗਤਾਨ ਸਮੇਂ ਦਾ ਵਿਕਲਪ ਹੈ। ਉੱਧਰ ਐੱਲ.ਆਈ.ਸੀ. ਹਾਊਸਿੰਗ ਵਲੋਂ 15 ਲੱਖ ਤੱਕ ਦੇ ਲੋਨ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਲਈ 8.5 ਫੀਸਦੀ ਦੀ ਦਰ ਨਾਲ ਵਿਆਜ ਦੇਣਾ ਹੋਵੇਗਾ। ਇਹ 31 ਅਕਤੂਬਰ ਤੱਕ ਵੈਧ ਹੈ। 
ਐੱਸ.ਬੀ.ਆਈ. ਵਲੋਂ ਜਾਰੀ ਇਕ ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਹੜ੍ਹ ਦੌਰਾਨ ਕੇਰਲ ਸੂਬੇ 'ਚ ਜਾਇਦਾਦਾਂ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਅਜਿਹੇ ਸਮੇਂ 'ਚ ਲੋਕਾਂ ਦੀ ਜਿੰਦਗੀ ਵਾਪਸ ਪਟਰੀ 'ਤੇ ਆ ਸਕੇ ਇਸ ਲਈ ਮੁਰੰਮਤ ਅਤੇ ਮੁੜ-ਨਿਰਮਾਣ ਕਰਨ ਦੀ ਲੋੜ ਹੈ। ਐੱਸ.ਬੀ.ਆਈ. ਘੱਟੋ-ਘੱਟ ਵਿਆਜ ਦਰ 'ਤੇ ਕੇਰਲ ਦੇ ਲੋਕਾਂ ਨੂੰ ਲੋਨ ਮੁਹੱਈਆ ਕਰਵਾ ਰਹੀ ਹੈ। 
ਉੱਧਰ ਮੁਥੂਟ ਫਾਈਨੈਂਸ ਦੇ ਪ੍ਰਬੰਧਕ ਨਿਰਦੇਸ਼ਕ ਜਾਰਜ ਅਲੇਕਜੇਂਡਰ ਮੁਥੂਟ ਨੇ ਕਿਹਾ ਕਿ ਲੋਕਾਂ ਦੇ ਮੁੜ-ਵਸੇਬੇ ਲਈ ਸੂਬੇ ਦੇ ਮੁੜ-ਨਿਰਮਾਣ 'ਚ ਮਦਦ ਕਰਨ ਲਈ ਮੁਥੂਟ ਫਾਈਨੈਂਸ ਨੇ ਨਿਵੇਸ਼ ਗ੍ਰਹਿ ਸੁਧਾਰ ਯੋਜਨਾ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕੇਰਲ ਵਾਸੀਆਂ ਨੂੰ ਮਦਦ ਮਿਲੇਗੀ, ਨਾਲ ਹੀ ਸੂਬੇ ਦੀ ਬਰਬਾਦ ਹੋਈ ਅਰਥਵਿਵਸਥਾ ਨੂੰ ਵਾਪਸ ਸੁਧਾਰਿਆ ਜਾ ਸਕੇਗਾ।


Related News