ਜੂਨ ’ਚ 3 ਫ਼ੀਸਦੀ ਘੱਟ ਹੋਈਆਂ ਦਫ਼ਤਰ ’ਚ ਬੈਠ ਕੇ ਕੰਮ ਕਰਨ ਵਾਲਿਆਂ ਦੀਆਂ ਨਿਯੁਕਤੀਆਂ
Tuesday, Jul 11, 2023 - 04:42 PM (IST)

ਮੁੰਬਈ (ਭਾਸ਼ਾ) - ਦਫ਼ਤਰ ’ਚ ਬੈਠ ਕੇ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਨਿਯੁਕਤੀਆਂ ’ਚ ਜੂਨ ’ਚ ਸਾਲਾਨਾ ਆਧਾਰ ’ਤੇ ਤਿੰਨ ਫ਼ੀਸਦੀ ਗਿਰਾਵਟ ਆਈ ਹੈ। ਨੌਕਰੀ ਦਿਵਾਉਣ ਵਾਲੇ ਮੰਚ ਫਾਊਂਡਇਟ ਦੀ ਇਕ ਰਿਪੋਰਟ ਮੁਤਾਬਕ ਸੂਚਨਾ ਤਕਨਾਲੋਜੀ (ਆਈ. ਟੀ.), ਬੈਂਕਿੰਗ, ਵਿੱਤੀ ਸੇਵਾਵਾਂ ਅਤੇ ਬੀਮਾ (ਬੀ. ਐੱਫ. ਐੱਸ. ਆਈ.) ਅਤੇ ਨਿਰਮਾਣ ਖੇਤਰ ਦੀਆਂ ਕੰਪਨੀਆਂ ਵਿਚ ਭਰਤੀਆਂ ਨੂੰ ਲੈ ਕੇ ਚੌਕਸੀ ਕਾਰਣ ਇਹ ਗਿਰਾਵਟ ਆਈ ਹੈ।
ਰਿਪੋਰਟ ਮੁਤਾਬਕ ਆਈ. ਟੀ. ਖੇਤਰ ’ਚ ਭਰਤੀਆਂ ’ਚ 19 ਫ਼ੀਸਦੀ ਦੀ ਗਿਰਾਵਟ ਆਈ। ਇਸ ਤਰ੍ਹਾਂ ਬੀ. ਐੱਫ. ਐੱਸ. ਆਈ. ਵਿਚ 13 ਫ਼ੀਸਦੀ, ਘਰੇਲੂ ਉਪਕਰਣ ’ਚ 26 ਫ਼ੀਸਦੀ ਅਤੇ ਉਤਪਾਦਨ/ਨਿਰਮਾਣ ’ਚ 14 ਫ਼ੀਸਦੀ ਦੀ ਗਿਰਾਵਟ ਆਈ। ਹਾਲਾਂਕਿ ਮਾਸਿਕ ਆਧਾਰ ’ਤੇ ਇਨ੍ਹਾਂ ਖੇਤਰਾਂ ’ਚ ਹਾਂਪੱਖੀ ਵਾਧਾ ਦਰਜ ਹੋਇਆ ਹੈ। ਫਾਊਂਡਿਟ ਇਨਸਾਈਟਸ ਟ੍ਰੈਕਰ (FIT) ਜੋ ਪਹਿਲਾਂ ਮੌਨਸਟਰ ਇੰਪਲਾਇਮੈਂਟ ਇੰਡੈਕਸ ਵਜੋਂ ਜਾਣਿਆ ਜਾਂਦਾ ਸੀ, ਅਸਲ-ਸਮੇਂ ਦੇ ਆਧਾਰ ’ਤੇ ਲੱਖਾਂ ਕੰਪਨੀਆਂ ਵਿਚ ਨੌਕਰੀ ਦੇ ਮੌਕਿਆਂ ਦੀ ਸਮੀਖਿਆ ਕਰਕੇ ਮਹੀਨਾਵਾਰ ਆਨਲਾਈਨ ਨੌਕਰੀ ਦੀਆਂ ਪੋਸਟਾਂ ਦਾ ਵਿਸ਼ਲੇਸ਼ਣ ਕਰਦਾ ਹੈ।
ਹਾਲਾਂਕਿ ਮਾਸਿਕ ਆਧਾਰ ’ਤੇ ਦਫ਼ਤਰ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਭਰਤੀਆਂ ’ਚ ਦੋ ਫ਼ੀਸਦੀ ਦਾ ਵਾਧਾ ਹੋਇਆ ਹੈ, ਜੋ ਦੱਸਦਾ ਹੈ ਕਿ ਪ੍ਰਮੁੱਖ ਖੇਤਰਾਂ ’ਚ ਆਨਲਾਈਨ ਭਰਤੀਆਂ ’ਚ ਸੁਧਾਰ ਹੋ ਰਿਹਾ ਹੈ। ਰਿਪੋਰਟ ਮੁਤਾਬਕ ਮਾਸਿਕ ਆਧਾਰ ’ਤੇ ਜੂਨ, 2023 ਵਿਚ ਦਵਾਈਆਂ ’ਚ 11 ਫ਼ੀਸਦੀ, ਬਿਜ਼ਨੈੱਸ ਪ੍ਰੋਸੈੱਸ ਆਊਟਸੋਰਸਿੰਗ (ਬੀ. ਪੀ. ਓ.) ਵਿਚ ਸੱਤ ਫ਼ੀਸਦੀ, ਉਤਪਾਦਨ ਅਤੇ ਨਿਰਮਾਣ ’ਚ ਪੰਜ ਫ਼ੀਸਦੀ ਅਤੇ ਲਾਜਿਸਟਿਕ ’ਚ 9 ਫ਼ੀਸਦੀ ਦਾ ਵਾਧਾ ਹੋਇਆ ਹੈ।