ਦੀਵਾਲੀ ਤੋਂ ਪਹਿਲਾਂ ਲਾਂਚ ਹੋਵੇਗਾ ਜਿਓ ਦਾ ਬ੍ਰਾਡਬੈਂਡ, ਇੰਟਰਨੈੱਟ ਦੇ ਨਾਲ ਦੇਖੋ ਸਕੋਗੇ TV ਪ੍ਰੋਗਰਾਮ
Monday, Aug 13, 2018 - 11:30 AM (IST)

ਨਵੀਂ ਦਿੱਲੀ— ਰਿਲਾਇੰਸ ਜਿਓ ਵੱਡੇ ਪੱਧਰ 'ਤੇ ਬਾਜ਼ਾਰ ਨੂੰ ਕਵਰ ਕਰਨ ਲਈ ਤਕਰਬੀਨ 500 ਰੁਪਏ 'ਚ ਹਾਈ ਸਪੀਡ, ਵਾਇਰਡ, ਇੰਟਰਨੈੱਟ ਆਧਾਰਿਤ ਟੈਲੀਵਿਜ਼ਨ ਪ੍ਰੋਗਰਾਮਿੰਗ ਦੇ ਨਾਲ ਬ੍ਰਾਡਬੈਂਡ ਸਰਵਿਸ ਲਾਂਚ ਕਰਨ ਲਈ ਤਿਆਰ ਹੈ। ਜਾਣਕਾਰੀ ਮੁਤਾਬਕ ਰਿਲਾਇੰਸ ਜਿਓ ਦੀ ਬ੍ਰਾਡਬੈਂਡ ਸਰਵਿਸ 500 ਰੁਪਏ ਪ੍ਰਤੀ ਮਹੀਨਾ ਦੇ ਪੈਕ ਨਾਲ ਲਾਂਚ ਹੋਵੇਗੀ। ਗਾਹਕ ਇੰਟਰਨੈੱਟ ਨਾਲ ਟੀ. ਵੀ. 'ਤੇ ਆਪਣੇ ਪਸੰਦੀਦਾ ਪ੍ਰੋਗਰਾਮ ਵੀ ਦੇਖ ਸਕਣਗੇ। ਮੁਕੇਸ਼ ਅੰਬਾਨੀ ਦੀ ਕੰਪਨੀ ਜਿਓ, ਦੀਵਾਲੀ ਯਾਨੀ 7 ਨਵੰਬਰ ਤੋਂ ਪਹਿਲਾਂ 'ਜਿਓ ਗੀਗਾ ਫਾਈਬਰ' ਨੂੰ ਲਾਂਚ ਕਰ ਸਕਦੀ ਹੈ। ਸ਼ੁਰੂ 'ਚ ਇਹ ਸਰਵਿਸ ਮੈਟਰੋ ਸ਼ਹਿਰਾਂ 'ਚ ਲਾਂਚ ਹੋਵੇਗੀ, ਜਿੱਥੇ ਮੰਗ ਕਾਫੀ ਹੈ।
ਸਰਵਿਸ ਦੀ ਉਪਲੱਬਧਤਾ 15 ਅਗਸਤ ਤੋਂ ਸ਼ੁਰੂ ਹੋਣ ਵਾਲੇ ਰਜਿਸਟਰੇਸ਼ਨ ਦੀ ਗਿਣਤੀ 'ਤੇ ਨਿਰਭਰ ਕਰੇਗੀ, ਯਾਨੀ ਜਿਸ ਇਲਾਕੇ ਤੋਂ ਸਭ ਤੋਂ ਵਧ ਲੋਕ ਰਜਿਸਟਰੇਸ਼ਨ ਕਰਾਉਣਗੇ ਉੱਥੇ ਇਹ ਸਰਵਿਸ ਪਹਿਲਾਂ ਮਿਲੇਗੀ।
ਕੇਬਲ ਸੰਚਾਲਕਾਂ ਦੇ ਹੋਮ ਬ੍ਰਾਡਬੈਂਡ ਪੈਕਸ ਦੇ ਮੁਕਾਬਲੇ ਜਿਓ ਦਾ ਪੈਕ ਤਕਰੀਬਨ ਅੱਧਾ ਸਸਤਾ ਹੋਵੇਗਾ। ਕੇਬਲ ਸੰਚਾਲਕਾਂ ਵੱਲੋਂ ਦਿੱਤੇ ਜਾ ਰਹੇ ਹੋਮ ਬ੍ਰਾਡਬੈਂਡ ਪੈਕਸ ਕਾਫੀ ਮਹਿੰਗੇ ਹਨ। 100 ਜੀਬੀ ਡਾਟਾ ਪੈਕ ਲਈ ਮੌਜੂਦਾ ਸਮੇਂ ਉਨ੍ਹਾਂ ਵੱਲੋਂ 700 ਰੁਪਏ ਤੋਂ ਲੈ ਕੇ 1,000 ਰੁਪਏ ਪ੍ਰਤੀ ਮਹੀਨਾ ਚਾਰਜ ਕੀਤੇ ਜਾ ਰਹੇ ਹਨ, ਜਿਸ ਦੀ ਸਪੀਡ 100 ਐੱਮ. ਬੀ. ਪੀ. ਐੱਸ. ਹੈ, ਜਦੋਂ ਕਿ ਟੀ. ਵੀ. ਸੇਵਾਵਾਂ ਲਈ 250-300 ਰੁਪਏ ਵਾਧੂ ਚਾਰਜ ਕਰਦੇ ਹਨ। ਜਿਓ ਹਾਈ ਸਪੀਡ ਬ੍ਰਾਡਬੈਂਡ 'ਚ ਇੰਟਰਨੈੱਟ ਟੀ. ਵੀ. ਦਾ ਮਜ਼ਾ ਵੀ ਇਕੋ ਪੈਕ 'ਚ ਦੇਣ ਜਾ ਰਿਹਾ ਹੈ। ਜਿਓ ਦਾ ਮਕਸਦ ਸਸਤੀ ਸਰਵਿਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਆਕਰਸ਼ਤ ਕਰਨਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜਿਓ ਦੀ ਫਿਕਸਡ ਬ੍ਰਾਡਬੈਂਡ ਸਰਵਿਸ 4ਜੀ ਮੋਬਾਇਲ ਬ੍ਰਾਡਬੈਂਡ ਨਾਲੋਂ ਵੀ ਸਸਤੀ ਹੋਵੇਗੀ।