ਜਿਓ ਲਾਂਚ ਕਰਨ ਜਾ ਰਿਹੈ 5G ਸਮਾਰਟ ਫੋਨ, 5 ਹਜ਼ਾਰ ਤੋਂ ਵੀ ਘੱਟ ਹੋਵੇਗੀ ਕੀਮਤ
Sunday, Oct 18, 2020 - 10:45 PM (IST)
ਨਵੀਂ ਦਿੱਲੀ— ਦੂਰਸੰਚਾਰ ਬਾਜ਼ਾਰ 'ਚ ਹੜਕੰਪ ਮਚਾਉਣ ਪਿੱਛੋਂ ਜਿਓ ਜਲਦ ਹੀ ਹੁਣ ਸਮਾਰਟ ਫੋਨ ਬਾਜ਼ਾਰ 'ਚ ਵੀ ਤਹਿਲਕਾ ਮਚਾਉਣ ਜਾ ਰਹੀ ਹੈ। ਰਿਲਾਇੰਸ ਜਿਓ 5,000 ਰੁਪਏ ਤੋਂ ਵੀ ਘੱਟ ਕੀਮਤ 'ਚ 5-ਜੀ ਸਮਾਰਟ ਫੋਨ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਹੌਲੀ-ਹੌਲੀ ਇਸ ਦੀ ਕੀਮਤ ਘਟਾ ਕੇ 2,500 ਤੋਂ 3,000 ਰੁਪਏ ਕਰ ਦਿੱਤੀ ਜਾਵੇਗੀ। ਕੰਪਨੀ ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।
ਰਿਲਾਇੰਸ ਜਿਓ ਇਸ ਨਾਲ ਉਨ੍ਹਾਂ 20 ਤੋਂ 30 ਕਰੋੜ ਮੋਬਾਇਲ ਫੋਨ ਯੂਜ਼ਰਜ਼ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ 'ਚ ਹੈ, ਜੋ ਇਸ ਸਮੇਂ 2-ਜੀ ਕੁਨੈਕਸ਼ਨ ਦੀ ਵਰਤੋਂ ਕਰ ਰਹੇ ਹਨ।
ਕੰਪਨੀ ਦੇ ਇਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਪੀ. ਟੀ. ਆਈ. ਨੂੰ ਦੱਸਿਆ, ''ਜਿਓ 5,000 ਰੁਪਏ ਤੋਂ ਵੀ ਘੱਟ ਕੀਮਤ 'ਚ ਸਮਾਰਟ ਫੋਨ ਲਾਂਚ ਕਰਨਾ ਚਾਹੁੰਦੀ ਹੈ। ਇਸ ਦੀ ਵਿਕਰੀ ਵਧਣ 'ਤੇ ਕੀਮਤ ਵੀ ਹੌਲੀ-ਹੌਲੀ ਘਟਾ ਕੇ 2,500 ਤੋਂ 3,000 ਰੁਪਏ ਵਿਚਕਾਰ ਕੀਤੀ ਜਾ ਸਕਦੀ ਹੈ।'' ਰਿਲਾਇੰਸ ਜਿਓ ਨੂੰ ਇਸ ਬਾਰੇ ਭੇਜੀ ਗਈ ਈ-ਮੇਲ ਦਾ ਜਵਾਬ ਨਹੀਂ ਮਿਲਿਆ। ਗੌਰਤਲਬ ਹੈ ਕਿ ਮੌਜੂਦਾ ਸਮੇਂ ਭਾਰਤ 'ਚ 5-ਜੀ ਸਮਾਰਟ ਫੋਨ 27,000 ਰੁਪਏ ਦੀ ਰੇਂਜ ਤੋਂ ਸ਼ੁਰੂ ਹੁੰਦੇ ਹਨ। ਜਿਓ ਉਹ ਪਹਿਲੀ ਕੰਪਨੀ ਹੈ ਜੋ ਭਾਰਤ 'ਚ 1,500 ਰੁਪਏ ਦੀ ਰਿਫੰਡ ਪਾਲਿਸੀ ਤਹਿਤ ਗਾਹਕਾਂ ਲਈ 4-ਜੀ ਮੋਬਾਇਲ ਫੋਨ ਲਾਂਚ ਕਰ ਚੁੱਕੀ ਹੈ।
ਰਿਲਾਇੰਸ ਇੰਡਸਟਰੀਜ਼ ਦੀ 43ਵੀਂ ਸਾਲਾਨਾ ਆਮ ਬੈਠਕ 'ਚ ਕੰਪਨੀ ਦੇ ਮੁਖੀ ਮੁਕੇਸ਼ ਅੰਬਾਨੀ ਨੇ ਭਾਰਤ ਨੂੰ 2-ਜੀ ਮੁਕਤ ਕਰਨ ਅਤੇ 2-ਜੀ ਫੀਚਰ ਫੋਨ ਦੀ ਵਰਤੋਂ ਕਰ ਰਹੇ 35 ਕਰੋੜ ਗਾਹਕਾਂ ਨੂੰ ਦੂਜੇ ਨੈੱਟਵਰਕ 'ਤੇ ਲਿਆਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਸੀ।