ਜਿਊਲਰਜ਼ ਦੇ ਆਏ ‘ਅੱਛੇ ਦਿਨ’, ਵੱਧ ਗਈ ਵਿਕਰੀ, ਰੈਵੇਨਿਊ ’ਚ ਹੋ ਸਕਦਾ ਹੈ ਜ਼ਬਰਦਸਤ ਵਾਧਾ

Tuesday, Sep 10, 2024 - 11:06 AM (IST)

ਨਵੀਂ ਦਿੱਲੀ (ਇੰਟ.) – ਜਿਊਲਰਜ਼ ਦੇ ‘ਅੱਛੇ’ ਦਿਨ ਆ ਗਏ ਹਨ। ਬਜਟ ’ਚ ਸੋਨੇ ਤੋਂ ਕਸਟਮ ਡਿਊਟੀ ’ਚ ਕਟੌਤੀ ਨਾਲ ਗੋਲਡ ਦੀ ਵਿਕਰੀ ’ਚ ਵਾਧਾ ਹੋ ਗਿਆ ਹੈ। ਕ੍ਰਿਸਿਲ ਦੀ ਰਿਪੋਰਟ ਅਨੁਸਾਰ ਇਸ ਮਾਲੀ ਸਾਲ ’ਚ ਸੋਨੇ ਦੀ ਵਿਕਰੀ ਨਾਲ ਜਿਊਲਰਜ਼ ਦੇ ਰੈਵੇਨਿਊ ’ਚ 22 ਤੋਂ 25 ਫੀਸਦੀ ਦਾ ਵਾਧਾ ਹੋ ਸਕਦਾ ਹੈ।

ਇਸ ਰਿਪੋਰਟ ਨੂੰ 58 ਜਿਊਲਰਜ਼ ਨਾਲ ਗੱਲ ਕਰ ਕੇ ਤਿਆਰ ਕੀਤਾ ਗਿਆ ਹੈ। ਕ੍ਰਿਸਿਲ ਅਨੁਸਾਰ ਇਸ ਸੰਗਠਿਤ ਖੇਤਰ ਦੇ ਰੈਵੇਨਿਊ ’ਚ ਇਹ 58 ਜਿਊਲਰਜ਼ ਇਕ ਤਿਹਾਈ ਹਿੱਸੇ ਦਾ ਯੋਗਦਾਨ ਦਿੰਦੇ ਹਨ। ਇਸ ’ਚ ਸਾਹਮਣੇ ਆਇਆ ਹੈ ਕਿ ਰੈਵੇਨਿਊ ਵਧਣ ਨਾਲ ਇਸ ਸੈਕਟਰ ਨੂੰ ਲਾਭ ਮਿਲਿਆ ਹੈ।

ਇਸ ਸਾਲ ਜੁਲਾਈ ’ਚ ਪੇਸ਼ ਕੀਤੇ ਬਜਟ ’ਚ ਗੋਲਡ ਤੋਂ ਕਸਟਮ ਡਿਊਟੀ ਹਟਾ ਦਿੱਤੀ ਗਈ ਸੀ। ਇਸ ਤੋਂ ਬਾਅਦ ਸੋਨੇ ਦੀਆਂ ਕੀਮਤਾਂ ’ਚ ਜ਼ਬਰਦਸਤ ਗਿਰਾਵਟ ਆਈ ਸੀ। ਬਜਟ ਵਾਲੇ ਦਿਨ ਹੀ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 4 ਹਜ਼ਾਰ ਤੋਂ ਜ਼ਿਆਦਾ ਡਿੱਗ ਗਈ ਸੀ। ਇਸ ਤੋਂ ਕਈ ਦਿਨਾਂ ਬਾਅਦ ਤੱਕ ਗਿਰਾਵਟ ਬਣੀ ਰਹੀ। ਉਸ ਸਮੇਂ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤ 74 ਹਜ਼ਾਰ ਰੁਪਏ ਦੇ ਪਾਰ ਸੀ। ਬਜਟ ਤੋਂ ਬਾਅਦ ਇਹ ਡਿੱਗ ਕੇ 70 ਹਜ਼ਾਰ ਰੁਪਏ ਤੋਂ ਹੇਠਾਂ ਆ ਗਈ ਸੀ।

ਸੋਨੇ ਦੀ ਕੀਮਤ ’ਚ ਅਜੇ ਵੀ ਬਹੁਤ ਸੁਧਾਰ ਨਹੀਂ ਹੋਇਆ ਹੈ। ਸੋਮਵਾਰ ਨੂੰ ਐੱਮ. ਸੀ. ਐਕਸ ’ਤੇ 10 ਗ੍ਰਾਮ ਸੋਨੇ ਦੀ ਕੀਮਤ 71450 ਰੁਪਏ ਹੈ।

ਕ੍ਰਿਸਿਲ ਦੀ ਰਿਪੋਰਟ ਅਨੁਸਾਰ ਕਸਟਮ ਡਿਊਟੀ ’ਚ ਭਾਰੀ ਕਮੀ ਜਿਊਲਰੀ ਇੰਡਸਟ੍ਰੀ ਲਈ ਮਹੱਤਵਪੂਰਨ ਸਮੇਂ ’ਤੇ ਆਈ ਹੈ। ਇਸ ਸਮੇਂ ਰਿਟੇਲਰ ਫੈਸਟੀਵਲ ਅਤੇ ਵਿਆਹ ਦੇ ਸੀਜ਼ਨ ਦੀ ਤਿਆਰੀ ਕਰ ਰਹੇ ਹਨ। ਸੋਨੇ ਦੀ ਕੀਮਤ ’ਚ ਕਮੀ ਦੇ ਕਾਰਨ ਰਿਟੇਲਰ ਆਪਣੇ ਸਟਾਕ ’ਚ 5 ਫੀਸਦੀ ਤੱਕ ਦਾ ਵਾਧਾ ਕਰ ਸਕਦੇ ਹਨ। ਕਿਉਂਕਿ ਅਜੇ ਸੋਨਾ ਸਸਤਾ ਮਿਲ ਰਿਹਾ ਹੈ ਪਰ ਜਾਣਕਾਰਾਂ ਅਨੁਸਾਰ ਫੈਸਟੀਵਲ ਅਤੇ ਵਿਆਹਾਂ ਦੇ ਸੀਜ਼ਨ ’ਚ ਇਸ ਦੀ ਕੀਮਤ ’ਚ ਤੇਜ਼ੀ ਦੇਖੀ ਜਾ ਸਕਦੀ ਹੈ। ਅਜਿਹੇ ’ਚ ਜਿਊਲਰਜ਼ ਦੇ ਲਾਭ ’ਚ ਵਾਧਾ ਹੋ ਸਕਦਾ ਹੈ।

ਵਧਦੀ ਕੀਮਤ ਨੇ ਰੋਕ ਦਿੱਤੀ ਸੀ ਵਿਕਰੀ

ਬਜਟ ਤੋਂ ਪਹਿਲਾਂ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 74 ਹਜ਼ਾਰ ਤੋਂ ਵੀ ਜ਼ਿਆਦਾ ਸੀ। ਸੋਨੇ ਦੀ ਕੀਮਤ ’ਚ ਲਗਾਤਾਰ ਤੇਜ਼ੀ ਆ ਰਹੀ ਸੀ। ਅਜਿਹੇ ’ਚ ਕਾਫੀ ਲੋਕਾਂ ਨੇ ਸੋਨਾ ਖਰੀਦਣਾ ਘੱਟ ਕਰ ਦਿੱਤਾ ਸੀ ਅਤੇ ਇਸ ਦੀ ਵਿਕਰੀ ’ਤੇ ਬ੍ਰੇਕ ਲੱਗ ਗਏ ਸਨ। ਇਸ ਨਾਲ ਜਿਊਲਰਜ਼ ਨੂੰ ਵੀ ਨੁਕਸਾਨ ਹੋ ਰਿਹਾ ਸੀ। ਹੁਣ ਕਿਉਂਕਿ ਕੀਮਤ ਘੱਟ ਹੈ ਤਾਂ ਗੋਲਡ ਦੀ ਵਿਕਰੀ ’ਚ ਤੇਜ਼ੀ ਆ ਰਹੀ ਹੈ। ਕਸਟਮ ਡਿਊਟੀ ’ਚ ਕਮੀ ਦੇ ਕਾਰਨ ਰਿਟੇਲ ’ਚ ਸੋਨੇ ਦੀਆਂ ਕੀਮਤਾਂ ’ਚ 4500-5000 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਆਈ ਹੈ। ਇਸ ਨਾਲ ਸੋਨੇ ਦੇ ਗਹਿਣਿਆਂ ਦੀ ਮੰਗ ’ਚ ਵਾਧਾ ਹੋਇਆ ਹੈ।

ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਕੀਮਤ

ਇਸ ਸਮੇਂ ਸੋਨੇ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਹੈ। ਜਾਣਕਾਰਾਂ ਦੇ ਅਨੁਸਾਰ ਜਿਉਂ-ਜਿਉਂ ਤਿਓਹਾਰੀ ਸੀਜ਼ਨ ਨੇੜੇ ਆ ਰਿਹਾ ਹੈ, ਸੋਨੇ ਦੀ ਕੀਮਤ ਪਿਛਲੇ ਸਾਲ ਦੀ ਔਸਤ ਨਾਲੋਂ ਲਗਭਗ 17 ਫੀਸਦੀ ਵੱਧ ਬਣੀ ਹੋਈ ਹੈ। ਇਸ ਨਾਲ ਮੰਗ ਬਣੀ ਰਹਿਣ ਅਤੇ ਮਾਲੀ ਸਾਲ ਦੀ ਦੂਜੀ ਛਿਮਾਹੀ (ਅਕਤੂਬਰ-ਮਾਰਚ) ’ਚ ਰੈਵੇਨਿਊ ’ਚ ਹੋਰ ਵਾਧਾ ਹੋਣ ਦੀ ਉਮੀਦ ਹੈ। ਹਾਲਾਂਕਿ ਇਸ ਦੌਰਾਨ ਸੋਨੇ ਦੀ ਕੀਮਤ ’ਚ ਤੇਜ਼ੀ ਵੀ ਆ ਸਕਦੀ ਹੈ। ਜਾਣਕਾਰਾਂ ਅਨੁਸਾਰ ਧਨਤੇਰਸ ਦੇ ਸਮੇਂ ਸੋਨੇ ਦੀ ਕੀਮਤ ਫਿਰ ਤੋਂ 74 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਹੋ ਸਕਦੀ ਹੈ।


Harinder Kaur

Content Editor

Related News