Jet Airways ਨੇ ਵਿਗਾੜਿਆ ਹਾਲੀਡੇ ਮੂਡ, ਲੰਡਨ-ਦੋਹਾ ਪੈ ਰਿਹਾ ਮਹਿੰਗਾ

Monday, Apr 08, 2019 - 02:52 PM (IST)

Jet Airways ਨੇ ਵਿਗਾੜਿਆ ਹਾਲੀਡੇ ਮੂਡ, ਲੰਡਨ-ਦੋਹਾ ਪੈ ਰਿਹਾ ਮਹਿੰਗਾ

ਨਵੀਂ ਦਿੱਲੀ— ਹਵਾਈ ਕਿਰਾਇਆਂ 'ਚ ਆਇਆ ਦਹਾਈ ਅੰਕਾਂ ਦਾ ਉਛਾਲ ਤੁਹਾਡੇ ਹਾਲੀਡੇ ਮੂਡ ਅਤੇ ਬਜਟ ਦੋਹਾਂ ਨੂੰ ਵਿਗਾੜ ਸਕਦਾ ਹੈ।ਚਿੰਤਾ ਦੀ ਗੱਲ ਇਹ ਹੈ ਕਿ ਇਸ 'ਚ ਜਲਦ ਸੁਧਾਰ ਹੋਣ ਦੀ ਸੰਭਾਵਨਾ ਵੀ ਨਹੀਂ ਵਿਖਾਈ ਦਿੰਦੀ।ਜੈੱਟ ਏਅਰਵੇਜ਼ ਦੀ ਵਿਗੜਦੀ ਹਾਲਤ ਨਾ ਸਿਰਫ ਘਰੇਲੂ, ਸਗੋਂ ਕੌਮਾਂਤਰੀ ਹਵਾਈ ਯਾਤਰਾ ਦਾ ਮਜ਼ਾ ਵੀ ਬੇ-ਸੁਆਦਾ ਕਰ ਰਹੀ ਹੈ।

 

ਦਿੱਲੀ ਤੋਂ ਲੰਡਨ ਦਾ ਹਵਾਈ ਕਿਰਾਇਆ ਜੋ ਪਹਿਲਾਂ 39,000 ਰੁਪਏ ਸੀ, ਉਹ ਹੁਣ 47,000 ਰੁਪਏ 'ਚ ਪੈ ਰਿਹਾ ਹੈ। ਦੋਹਾ ਜਾਣ ਲਈ ਹੁਣ 19,000 ਰੁਪਏ ਦੀ ਜਗ੍ਹਾ 25,000 ਰੁਪਏ ਲੱਗ ਰਹੇ ਹਨ ਅਤੇ ਹਾਂਗਕਾਂਗ ਦਾ ਕਿਰਾਇਆ 32,000 ਤੋਂ ਵਧ ਕੇ 42,000 ਰੁਪਏ ਹੋ ਗਿਆ ਹੈ।ਇਨ੍ਹਾਂ ਮਾਰਗਾਂ 'ਤੇ ਸਭ ਤੋਂ ਜ਼ਿਆਦਾ ਉਡਾਣਾਂ ਜੈੱਟ ਏਅਰਵੇਜ਼ ਦੀਆਂ ਰਹੀਆਂ ਹਨ ਪਰ ਹੁਣ ਜੈੱਟ ਦੇ ਜ਼ਿਆਦਾਤਰ ਜਹਾਜ਼ ਗਰਾਊਂਡਿਡ ਹਨ।
ਜੈੱਟ ਏਅਰਵੇਜ਼ ਦੂਜੀਆਂ 20 ਕੌਮਾਂਤਰੀ ਏਅਰਲਾਈਨਸ ਨਾਲ ਸਮਝੌਤੇ ਤਹਿਤ ਯੂਰਪ, ਕੈਨੇਡਾ, ਅਮਰੀਕਾ ਦੀਆਂ 125 ਥਾਵਾਂ ਲਈ ਸੇਵਾ ਦਿੰਦੀ ਸੀ ਪਰ ਹੁਣ ਆਬੂਧਾਬੀ, ਦੋਹਾ, ਦੁਬਈ, ਬੈਂਕਾਕ ਅਤੇ ਮਾਨਚੈਸਟਰ ਵਰਗੇ ਪਾਪੁਲਰ ਸਥਾਨਾਂ ਲਈ ਵੀ ਉਡਾਣਾਂ ਬੰਦ ਹਨ।ਦੂਜੀਆਂ ਏਅਰਲਾਈਨਸ ਇਸ ਦਾ ਫਾਇਦਾ ਚੁੱਕ ਰਹੀਆਂ ਹਨ ਪਰ ਨਾਲ-ਨਾਲ ਕਿਰਾਇਆ ਵੀ ਵਧ ਰਿਹਾ ਹੈ।ਮਾਹਰ ਮੰਨਦੇ ਹਨ ਕਿ ਇਸ ਦਾ ਅਸਰ ਅਜੇ ਕੁਝ ਸਮੇਂ ਤੱਕ ਬਰਕਰਾਰ ਰਹੇਗਾ।ਜੈੱਟ ਦੀਆਂ ਉਡਾਣਾਂ ਘੱਟ ਹੋਣ ਦਾ ਅਸਰ ਘਰੇਲੂ ਕਿਰਾਇਆਂ 'ਤੇ ਵੀ ਦਿਸ ਰਿਹਾ ਹੈ। ਭਾਰਤ 'ਚ ਪ੍ਰਮੁੱਖ ਮਾਰਗਾਂ ਦੀ ਟਿਕਟ 20 ਤੋਂ 40 ਫੀਸਦੀ ਮਹਿੰਗੀ ਪੈ ਰਹੀ ਹੈ।


Related News