ਜਾਵਾ ਮੋਟਰਸਾਈਕਲਾਂ ਦੇ ਸ਼ੌਕੀਨਾਂ ਲਈ ਝਟਕਾ, ਜਨਵਰੀ ਤੋਂ ਹੋਣਗੇ ਮਹਿੰਗੇ
Sunday, Dec 20, 2020 - 05:45 PM (IST)
ਨਵੀਂ ਦਿੱਲੀ- ਜਨਵਰੀ ਤੋਂ ਜਾਵਾ ਮੋਟਰਸਾਈਕਲ ਮਹਿੰਗੇ ਹੋ ਜਾਣਗੇ। ਰਿਪੋਰਟਾਂ ਮੁਤਾਬਕ ਜਾਵਾ ਫੋਰਟੀ ਟੂ, ਜਾਵਾ ਪਰਕ ਦੀਆਂ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ। ਕੰਪਨੀ ਇਸ ਦੀ ਸਮੀਖਿਆ ਕਰ ਰਹੀ ਹੈ। ਸੂਤਰ ਨੇ ਕਿਹਾ ਇਨਪੁਟ ਖ਼ਰਚ ਅਤੇ ਕਮੋਡਿਟੀ ਲਾਗਤ ਵਧਣ ਕਾਰਨ ਕੀਮਤਾਂ ਵਿਚ ਵਾਧਾ ਹੋਣ ਦਾ ਮੁੱਖ ਕਾਰਨ ਹੈ।
ਇਸ ਤੋਂ ਪਹਿਲਾਂ ਹਾਲ ਹੀ ਵਿਚ ਮਹਿੰਦਰਾ ਐਂਡ ਮਹਿੰਦਰਾ ਨੇ ਜਨਵਰੀ ਤੋਂ ਯਾਤਰੀ ਅਤੇ ਵਪਾਰਕ ਵਾਹਨਾਂ ਵਿਚ ਵਾਧਾ ਕਰਨ ਦੀ ਘੋਸ਼ਣ ਕੀਤੀ ਸੀ।
ਫਿਲਹਾਲ ਕੀਮਤਾਂ ਵਿਚ ਕਿੰਨਾ ਵਾਧਾ ਹੋਵੇਗਾ ਇਸ ਬਾਰੇ ਜਾਣਕਾਰੀ ਨਹੀਂ ਹੈ। ਮੌਜੂਦਾ ਸਮੇਂ ਜਾਵਾ ਫੋਰਟੀ ਟੂ ਦੀ ਕੀਮਤ 1.65 ਲੱਖ ਰੁਪਏ ਤੋਂ ਸ਼ੁਰੂ ਹੈ, ਜਦੋਂ ਕਿ ਪਰਕ ਦੀ 1.94 ਲੱਖ ਰੁਪਏ ਹੈ। ਗੌਰਤਲਬ ਹੈ ਕਿ ਦੋਪਹੀਆ ਵਾਹਨ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਹੀਰੋ ਮੋਟੋਕਾਰਪ ਵੀ ਜਨਵਰੀ ਤੋਂ ਕੀਮਤਾਂ ਵਿਚ 1,500 ਰੁਪਏ ਤੱਕ ਦਾ ਵਾਧਾ ਕਰੇਗੀ। ਉੱਥੇ ਹੀ, ਮਾਰੂਤੀ ਸੁਜ਼ੂਕੀ, ਫੋਰਡ ਇੰਡੀਆ, ਰੇਨੋ ਇੰਡੀਆ ਅਤੇ ਮਹਿੰਦਰਾ ਕਾਰਾਂ ਦੀਆਂ ਕੀਮਤਾਂ ਜਨਵਰੀ ਤੋਂ ਵਧਾਉਣ ਦਾ ਐਲਾਨ ਕਰ ਚੁੱਕੇ ਹਨ। ਜਲਦ ਹੋਰ ਕੰਪਨੀਆਂ ਵੱਲੋਂ ਵੀ ਕੀਮਤਾਂ ਵਿਚ ਵਾਧੇ ਦਾ ਐਲਾਨ ਕੀਤਾ ਜਾ ਸਕਦਾ ਹੈ। ਸਭ ਕੰਪਨੀਆਂ ਨੇ ਹੁਣ ਤੱਕ ਇਨਪੁਟ ਖ਼ਰਚ ਅਤੇ ਕਮੋਡਿਟੀ ਲਾਗਤ ਵਧਣ ਨੂੰ ਕੀਮਤਾਂ ਵਧਾਉਣ ਦਾ ਕਾਰਨ ਦੱਸਿਆ ਹੈ।